ਜਗਮੋਹਨ ਸਿੰਘ
ਰੂਪਨਗਰ, 10 ਮਈ
ਪੰਜਾਬ ਅੰਦਰ ਸਰਕਾਰ ਬਦਲਣ ਉਪਰੰਤ ਖਣਨ ਠੇਕੇਦਾਰਾਂ ਲਈ ਖਣਨ ਦਾ ਕੰਮ ਵੀ ਚੁਣੌਤੀਪੂਰਨ ਬਣਦਾ ਜਾਪ ਰਿਹਾ ਹੈ। ਜ਼ਿਨ੍ਹਾਂ ਖਣਨ ਠੇਕੇਦਾਰਾਂ ਦੀ ਕਾਂਗਰਸ ਰਾਜ ਸਮੇਂ ਪੂਰੀ ਤੂਤੀ ਬੋਲਦੀ ਸੀ ਤੇ ਪੁਲੀਸ ਅਤੇ ਖਣਨ ਵਿਭਾਗ ਸਮੇਤ ਸਾਰੇ ਮਹਿਕਮਿਆਂ ਦੇ ਅਫਸਰ ਉਨ੍ਹਾਂ ਦੇ ਇਸ਼ਾਰੇ ਤੇ ਕੰਮ ਕਰਦੇ ਸਨ, ਹੁਣ ਉਨ੍ਹਾਂ ਠੇਕੇਦਾਰਾਂ ਨੂੰ ਨਵੇਂ ਮਾਹੌਲ ਵਿੱਚ ਕੰਮ ਕਰਨਾ ਮੁਸ਼ਕਿਲ ਜਾਪਣ ਲੱਗ ਪਿਆ ਹੈ। ਖਣਨ ਵਿਭਾਗ ਵੱਲੋਂ ਬਕਾਇਆ ਰਾਸ਼ੀ ਦਾ ਰੱਫੜ ਮੁੱਕਣ ਤੋਂ ਬਾਅਦ ਹੁਣ ਹੋਰ ਚੁਣੌਤੀਆਂ ਕਾਰਨ ਖਣਨ ਠੇਕੇਦਾਰ ਪੈਸੇ ਜਮ੍ਹਾਂ ਕਰਵਾਉਣ ਤੋਂ 4 ਦਿਨ ਬਾਅਦ ਵੀ ਸਿਰਫ ਸੈਂਸੋਵਾਲ ਅਤੇ ਕੋਟਬਾਲਾ ਆਸਪੁਰ 2 ਡੀਸਿਲਟਿੰਗ ਸਾਈਟਾਂ ’ਤੇ ਹੀ ਕੰਮ ਸ਼ੁਰੂ ਕਰਨ ਵਿੱਚ ਸਫਲ ਹੋਏ ਹਨ। ਰਸੀਦਪੁਰ ਡੀਸਿਲਟਿੰਗ ਸਾਈਟ ਦਾ ਕੰਮ ਇਲਾਕੇ ਦੇ ਕਿਸਾਨਾਂ ਨੇ ਬੀਤੇ ਕੱਲ੍ਹ ਤੋਂ ਰੁਕਵਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਅਤੇ ਬਲਾਕ ਪ੍ਰਧਾਨ ਹਰਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਰਸੀਦਪੁਰ ਡੀ-ਸਿਲਟਿੰਗ ਸਾਈਟ ਨੇੜੇ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ। ਬੀਤੇ ਦਿਨ ਤੋਂ ਖਣਨ ਠੇਕੇਦਾਰਾਂ ਦੇ ਨੁਮਾਇੰਦਿਆਂ ਅਤੇ ਖਣਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ ਪਹਿਲਾਂ ਐੱਸਐੱਚਓ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਦੁਪਹਿਰ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਮੌਕੇ ਤੇ ਪਹੁੰਚੇ, ਪਰ ਉਹ ਵੀ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਵਿੱਚ ਕਾਮਯਾਬ ਨਾ ਹੋ ਸਕੇ।
ਨਿਯਮਾਂ ਮੁਤਾਬਿਕ ਕੰਮ ਚੱਲਣ ਦਿੱਤਾ ਜਾਵੇ: ਡਾ. ਚਰਨਜੀਤ ਸਿੰਘ
ਅੱਜ ਬਾਅਦ ਦੁਪਹਿਰ ਰਸੀਦਪੁਰ ਪਹੁੰਚੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਰੇਤਾ ਖਰੀਦਣ ਵਿੱਚ ਪੇਸ਼ ਆ ਰਹੀ ਸਮੱਸਿਆ ਕਾਰਨ ਕਾਨੂੰਨੀ ਤੌਰ ’ਤੇ ਜਾਇਜ਼ ਥਾਵਾਂ ਤੇ ਰੇਤੇ ਦੀ ਨਿਕਾਸੀ ਦਾ ਕੰਮ ਨਾ ਰੋਕਿਆ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਠੇਕੇਦਾਰਾਂ ਤੇ ਵਿਭਾਗ ਨੂੰ ਹਦਾਇਤ ਕੀਤੀ ਜਾਵੇਗੀ ਕਿ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।