ਬੀ ਐੱਸ ਚਾਨਾ
ਕੀਰਤਪੁਰ ਸਾਹਿਬ, 20 ਜੂਨ
ਉਡਣੇ ਸਿੱਖ ਮਿਲਖਾ ਸਿੰਘ ਦੀਆਂ ਅਸਥੀਆਂ ਅੱਜ ਕੀਰਤਪੁਰ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਅੱਜ ਮਰਹੂਮ ਮਿਲਖਾ ਸਿੰਘ ਦੇ ਪੁੱਤਰ ਗੋਲਫਰ ਜੀਵ ਮਿਲਖਾ ਸਿੰਘ, ਸੋਨੀਆ ਮਿਲਖਾ ਸਿੰਘ, ਮੋਨਾ ਮਿਲਖਾ ਸਿੰਘ, ਜਵਾਈ ਮਨੀਸ਼ ਅਤੇ ਮੈਨੇਜਰ ਅਵਤਾਰ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰ ਅਸਥੀਆਂ ਲੈ ਕੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਪਹੁੰਚੇ। ਪਰਿਵਾਰ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਮਗਰੋਂ ਸਤਲੁਜ ਦਰਿਆ ਕਿਨਾਰੇ ਬਣੇ ਅਸਥ ਘਾਟ ’ਤੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਬਹੁਤ ਦੁਖੀ ਹਨ ਅਤੇ ਇਸ ਵੇਲੇ ਕੋਈ ਗੱਲਬਾਤ ਨਹੀਂ ਕਰ ਸਕਦੇ।