ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਅਗਸਤ
ਪਿੰਡ ਮੀਏਂਵਾਲ ਮੌਲਵੀਆਂ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਬਰਗਰ ਵੇਚ ਰਹੇ ਦੋ ਪਰਵਾਸੀ ਮਜ਼ਦੂਰਾਂ ਵਿੱਚ ਕਿਸੇ ਗੱਲ ਤੋਂ ਝਗੜਾ ਹੋ ਗਿਆ। ਇਸੇ ਦੌਰਾਨ ਇੱਕ ਜਣੇ ਨੇ ਰੇਹੜੀ ਤੋਂ ਤਵਾ ਚੁੱਕ ਕੇ ਦੂਜੇ ਦੇ ਸਿਰ ਵਿੱਚ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ’ਚ ਪਿਛਲੇ ਕੁਝ ਦਿਨਾਂ ਤੋਂ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਸੀ, ਜਿੱਥੇ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਵਸਨੀਕ ਤੇ ਆਪਸ ’ਚ ਰਿਸ਼ਤੇਦਾਰ ਰਾਮ ਸਰੂਪ ਉਰਫ ਰਾਜੂ ਅਤੇ ਪ੍ਰੇਮ ਸ਼ੰਕਰ ਨੇ ਬਰਗਰ ਵੇਚਣ ਲਈ ਰੇਹੜੀਆਂ ਲਾਈਆਂ ਹੋਈਆਂ ਸਨ। ਇਸੇ ਦੌਰਾਨ ਦੋਵੇਂ ਜਣੇ ਆਪਸ ਵਿੱਚ ਉਲਝ ਪਏ ਤੇ ਪ੍ਰੇਮ ਸ਼ੰਕਰ ਨੇ ਆਪਣੀ ਰੇਹੜੀ ਤੋਂ ਤਵਾ ਚੁੱਕ ਕੇ ਰਾਮ ਸਰੂਪ ਦੇ ਸਿਰ ਵਿਚ ਮਾਰਿਆ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਲੋਕਾਂ ਨੇ ਫੜ ਲਿਆ ਸੀ।