ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਗਸਤ
ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਚੱਲ ਰਹੇ ਪੰਥਕ ਮੋਰਚੇ ਸਮੇਤ ਤਿੰਨ ਪੱਕੇ ਮੋਰਚਿਆਂ ’ਤੇ ਡਟੀ ਸਿੱਖ ਸੰਗਤ ਸਮੇਤ ਸੰਘਰਸ਼ੀ ਨੌਜਵਾਨਾਂ ਅਤੇ ਲੜਕੀਆਂ ਨੂੰ ਪੁਲੀਸ ਨੇ ਕਥਿਤ ਅੱਧੀ ਰਾਤੀ ਜਬਰੀ ਚੁੱਕ ਲਿਆ ਅਤੇ ਉਥੇ ਲੱਗੇ ਟੈਂਟ ਪੁੱਟ ਕੇ ਸਾਰਾ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਸਮੇਤ ਸਿੱਖ ਸੰਗਤ, ਪੰਜਾਬ ਪੁਲੀਸ ਭਰਤੀ ਉਮੀਦਵਾਰ-2016 ਅਤੇ ਕਰੋਨਾ ਯੋਧਿਆਂ ਨੂੰ ਪੁਲੀਸ ਨੇ ਮੁੱਖ ਮੰਤਰੀ ਦੀ ਕੋਠੀ ਅੱਗਿਓਂ ਜਬਰੀ ਬੱਸਾਂ ਵਿੱਚ ਚੜ੍ਹਾ ਕੇ ਅੱਧੀ ਰਾਤ ਕਰੀਬ 90 ਕਿਲੋਮੀਟਰ ਦੂਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਛੱਡ ਦਿੱਤਾ। ਪੁਲੀਸ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਸਾਰੀ ਜਗ੍ਹਾ ਨੂੰ ਧਰਨਾਕਾਰੀਆਂ ਤੋਂ ਖਾਲੀ ਕਰਵਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮੁੱਖ ਮੰਤਰੀ ਦੀ ਕੋਠੀ ਵੱਲ ਜਾਂਦੀ ਸ਼ਹਿਰ ਦੀ ਸੰਗਰੂਰ-ਪਟਿਆਲਾ ਸੜਕ ’ਤੇ ਦੋਵੇਂ ਪਾਸੇ ਇੱਕ-ਇੱਕ ਕਿਲੋਮੀਟਰ ਬੈਰੀਕੇਡ ਲਗਾ ਕੇ ਆਵਾਜਾਈ ਵੀ ਬੰਦ ਕਰ ਦਿੱਤੀ ਹੈ। ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਅਤੇ ਜ਼ਿਲ੍ਹਾ ਮੁੱਖ ਸੇਵਾਦਾਰ ਭਾਈ ਬਚਿੱਤਰ ਸਿੰਘ ਨੇ ਦੱਸਿਆ ਕਿ ਮੋਰਚਿਆਂ ਵਾਲੀ ਥਾਂ ’ਤੇ ਵੱਡੀ ਗਿਣਤੀ ’ਚ ਪੁੱਜੀ ਪੁਲੀਸ ਫੋਰਸ ਨੇ ਬੀਤੀ ਰਾਤ ਉਨ੍ਹਾਂ ’ਤੇ ਧਾਵਾ ਬੋਲ ਦਿੱਤਾ। ਪੁਲੀਸ ਨੇ ਪਹਿਲਾਂ ਸਾਰਿਆਂ ਤੋਂ ਜਬਰੀ ਮੋਬਾਈਲ ਖੋਹੇ ਤੇ ਬਾਅਦ ਵਿੱਚ ਸਾਰਾ ਸਾਮਾਨ ਜ਼ਬਤ ਕਰਕੇ ਟੈਂਟ ਪੁੱਟ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਗੁਰਬਾਣੀ ਦੀਆਂ ਧਾਰਮਿਕ ਪੋਥੀਆਂ ਜੁੱਤੀਆਂ ਪਾ ਕੇ ਚੁੱਕਣ ਮਗਰੋਂ ਗੁਰੂ ਦੇ ਲੰਗਰਾਂ ਦੀ ਬੇਅਦਬੀ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਸਿੱਖ ਸੰਗਤ ਨੂੰ ਧੂਹ ਕੇ ਬੱਸਾਂ ਵਿੱਚ ਸੁੱਟਣ ਦੌਰਾਨ ਕਈਆਂ ਦੀਆਂ ਦਸਤਾਰਾਂ ਲੱਥ ਗਈਆਂ ਹਨ। ਸਿੱਖ ਆਗੂਆਂ ਨੇ ਦੱਸਿਆ ਕਿ ਪੁਲੀਸ ਵੱਲੋਂ ਸੰਗਤ ਨੂੰ ਪਟਿਆਲਾ ਜੇਲ੍ਹ ਤੋਂ ਬਾਅਦ ਗੁਰਦੁਆਰਾ ਦੂਖਨਿਵਾਰਨ ਸਾਹਿਬ ਅਤੇ ਅਖੀਰ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ’ਚ ਤੜਕੇ ਕਰੀਬ 2 ਵਜੇ ਛੱਡ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼ਾਂਤਮਈ ਚੱਲ ਰਹੇ ਸਿੱਖ ਨੀਤੀ ਪੰਥਕ ਮੋਰਚੇ ’ਚ ਬੈਠੀ ਸਿੱਖ ਸੰਗਤ ’ਤੇ ਕਾਰਵਾਈ ਕਰਦਿਆਂ ਮਾਨ ਸਰਕਾਰ ਨੇ ਬਰਗਾੜੀ ਅਤੇ ਬਹਬਿਲ ਕਲਾਂ ਕਾਂਡ ਦੁਹਰਾ ਦਿੱਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ, ਪਾਵਨ ਸਰੂਪਾਂ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸਿੱਖ ਆਗੂਆਂ ਨੇ ਐਲਾਨ ਕੀਤਾ ਕਿ ਪਹਿਲੀ ਸਤੰਬਰ ਤੋਂ ਸਿੱਖ ਸਦਭਾਵਨਾ ਦਲ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਜ਼ਿਕਰਯੋਗ ਹੈ ਕਿ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਲਈ ਸਿੱਖ ਸਦਭਾਵਨਾ ਦਲ ਵੱਲੋਂ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਬੀਤੀ 20 ਅਗਸਤ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਥਕ ਮੋਰਚਾ ਲਗਾਇਆ ਹੋਇਆ ਸੀ। ਇਸੇ ਤਰ੍ਹਾਂ ਪੰਜਾਬ ਪੁਲੀਸ ਭਰਤੀ-2016 ਦੇ ਉਮੀਦਾਰ ਤੇ ਕਰੋਨਾ ਯੋਧਿਆਂ ਦੇ ਪੱਕੇ ਮੋਰਚੇ ਕਈ ਮਹੀਨਿਆਂ ਤੋਂ ਜਾਰੀ ਸਨ।
ਧਰਨਾਕਾਰੀਆਂ ਨੇ ਪੁਲੀਸ ’ਤੇ ਲਾਏ ਧਮਕੀਆਂ ਦੇਣ ਦੇ ਦੋਸ਼
ਸ੍ਰੀ ਫ਼ਤਹਗਿੜ੍ਹ ਸਾਹਿਬ (ਅਜੈ ਮਲਹੋਤਰਾ): ਸੰਗਰੂਰ ਵਿੱਚੋਂ ਮੁੱਖ ਮੰਤਰੀ ਦੀ ਕੋਠੀ ਅੱਗਿਓਂ ਚੁੱਕ ਕੇ ਫਤਹਿਗੜ੍ਹ ਸਾਹਿਬ ਛੱਡੇ ਧਰਨਕਾਰੀ ਜਗਦੀਪ ਸਿੰਘ, ਖੁਸ਼ਦੀਪ ਕੌਰ, ਮਨਜਿੰਦਰ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ’ਚੋਂ ਕੁਝ 2017 ’ਚ ਪੁਲੀਸ ਭਰਤੀ ਦੀ ਬਣੀ ਮੈਰਿਟ ਦਾ ਹਿੱਸਾ ਹਨ ਤੇ ਉਹ ਹਾਲੇ ਤੱਕ ਨੌਕਰੀ ਦੇ ਨਿਯੁਕਤੀ ਪੱਤਰ ਲੈਣ ਲਈ ਭਟਕ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਨੇ ਕਰੋਨਾ ਦੌਰਾਨ ਆਪਣੀਆਂ ਜਾਨਾਂ ਖਤਰੇ ’ਚ ਪਾ ਕੇ ਪਹਿਲੀ ਕਤਾਰ ਵਿੱਚ ਦਿਨ ਰਾਤ ਕੰਮ ਕੀਤਾ ਤੇ ਹੁਣ ਪੱਕੀ ਨੌਕਰੀ ਦੀ ਆਸ ’ਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ’ਤੇ ਬੈਠੇ ਸਨ। ਬੀਤੀ ਰਾਤ ਜਦੋਂ ਧਰਨੇ ਵਾਲੀ ਜਗ੍ਹਾ ’ਤੇ ਉਹ ਸੁੱਤੇ ਪਏ ਸਨ ਤਾਂ ਰਾਤ 11.30 ਵਜੇ ਦੇ ਕਰੀਬ ਪੁਲੀਸ ਨੇ ਉਨ੍ਹਾਂ ਨੂੰ ਜਬਰੀ ਪੁਲੀਸ ਦੀ ਬੱਸ ’ਚ ਬਿਠਾ ਲਿਆ ਅਤੇ ਉਨ੍ਹਾਂ ਦੇ ਮੋਬਾਈਲ ਵੀ ਖੋਹ ਲਏ। ਇਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਬੱਸ ’ਚ ਬਿਠਾ ਕੇ ਅੱਧੀ ਰਾਤ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਬਾਹਰ ਛੱਡ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਜੇਕਰ ਉਹ ਹੁਣ ਦੁਬਾਰਾ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਦਿਖਾਈ ਦਿੱਤੇ ਤਾਂ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ’ਚ ਸੁੱਟਿਆ ਜਾਵੇਗਾ।
ਕਿਸੇ ਨੂੰ ਜਬਰੀ ਨਹੀਂ ਹਟਾਇਆ: ਡੀਐੱਸਪੀ
ਸੰਗਰੂਰ ਪੁਲੀਸ ਦੇ ਡੀਐੱਸਪੀ ਅਜੈਪਾਲ ਸਿੰਘ ਨੇ ਸਿੱਖ ਸਦਭਾਵਨਾ ਦਲ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਡਰੀਮਲੈਂਡ ਕਲੋਨੀ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਗੈਰਕਾਨੂੰਨੀ ਤੌਰ ’ਤੇ ਲੱਗ ਰਹੇ ਧਰਨਿਆਂ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਖੁਆਰ ਹੋਣਾ ਪੈਂਦਾ ਹੈ, ਜਿਸ ਕਰਕੇ ਧਰਨਿਆਂ ਨੂੰ ਹਟਾਇਆ ਜਾਵੇ। ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਹੀ ਏਡੀਸੀ ਅਤੇ ਐੱਸਡੀਐੱਮ ਸੰਗਰੂਰ ਨੇ ਪੁਲੀਸ ਸਮੇਤ ਪੁੱਜ ਕੇ ਧਰਨਾਕਾਰੀਆਂ ਨੂੰ ਧਰਨੇ ਹਟਾਉਣ ਲਈ ਆਖਿਆ ਅਤੇ ਉਹ ਆਪਣੇ ਧਰਨੇ ਖ਼ਤਮ ਕਰਕੇ ਚਲੇ ਗਏ। ਟੈਂਟ ਵਾਲੇ ਆਪਣਾ ਸਾਮਾਨ ਚੁੱਕ ਕੇ ਲੈ ਗਏ। ਉਨ੍ਹਾਂ ਕਿਹਾ ਕਿ ਕਿਸੇ ਨੂੰ ਜਬਰੀ ਨਹੀਂ ਹਟਾਇਆ ਗਿਆ ਅਤੇ ਨਾ ਹੀ ਕਿਸੇ ਨਾਲ ਕੋਈ ਬਦਸਲੂਕੀ ਕੀਤੀ ਗਈ ਹੈ।