ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਸਤੰਬਰ
ਪੁਲੀਸ ਨੇ ‘ਆਬਾਦੀ ਰੋਕੋ’ ਦਾ ਸੰਦੇਸ਼ ਦੇਣ ਲਈ ਪੁੱਠੇ ਪੈਰੀਂ ਚੱਲ ਕੇ ਆਏ ਮੇਰਠ ਦੇ ਪਰਿਵਾਰ ਨੂੰ ਅੱਜ ਇੱਥੇ ਜੱਲ੍ਹਿਆਂਵਾਲਾ ਬਾਗ਼ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਜੱਲ੍ਹਿਆਂਵਾਲਾ ਬਾਗ਼ ਅੰਦਰ ਧਰਨੇ ਅਤੇ ਰੈਲੀਆਂ ਆਦਿ ਰੋਕਣ ਲਈ ਪ੍ਰਸ਼ਾਸਨ ਨੇ ਇੱਥੇ ਦਫ਼ਾ 144 ਲਾਈ ਹੋਈ ਹੈ। ਮਾਮੂਲੀ ਬਹਿਸ ਅਤੇ ਮੰਤਵ ਦੱਸੇ ਜਾਣ ਮਗਰੋਂ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ। ‘ਆਬਾਦੀ ’ਤੇ ਕਾਬੂ ਪਾਓ’ ਦਾ ਸੰਦੇਸ਼ ਦੇਣ ਦੀ ਮੁਹਿੰਮ ਵਿੱਚ ਦਿਨੇਸ਼ ਤਲਵਾਰ, ਉਨ੍ਹਾਂ ਦੀ ਪਤਨੀ ਦਿਸ਼ਾ ਅਤੇ ਉਨ੍ਹਾਂ ਦੇ ਦੋ ਬੱਚੇ ਲੱਗੇ ਹੋਏ ਹਨ। ਇਸ ਯਾਤਰਾ ਕਰਦੇ ਸਮੇਂ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਜਿਨ੍ਹਾਂ ’ਤੇ ਵਧ ਰਹੀ ਆਬਾਦੀ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਕਾਨੂੰਨ ਬਣਾਉਣ ਸਬੰਧੀ ਨਾਅਰੇ ਲਿਖੇ ਹੋਏ ਸਨ।
ਦਿਨੇਸ਼ ਅਤੇ ਦਿਸ਼ਾ ਨੇ ਦੱਸਿਆ ਕਿ ਉਹ ਮੇਰਠ ਨਾਲ ਸਬੰਧਤ ਹਨ ਜਿੱਥੇ 1857 ਵਿਚ ਦੇਸ਼ ਦੀ ਆਜ਼ਾਦੀ ਲਈ ਅੰਦੋਲਨ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦੇਣ ਆਏ ਹਨ ਕਿ ਹੁਣ ਜਦੋਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਸਿਆਸੀ ਆਗੂ ਲੋਕਾਂ ਕੋਲ ਆਉਣਗੇ ਤਾਂ ਉਨ੍ਹਾਂ ਤੋਂ ਪੁੱਛਿਆ ਜਾਵੇ ਕਿ ਆਬਾਦੀ ਦੀ ਰੋਕਥਾਮ ਲਈ ਉਨ੍ਹਾਂ ਦਾ ਕੀ ਏਜੰਡਾ ਹੈ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਦੇਸ਼ ਦੀ ਆਬਾਦੀ ਲਗਪਗ 33 ਕਰੋੜ ਸੀ ਜੋ ਹੁਣ ਵੱਧ ਕੇ 125 ਕਰੋੜ ਹੋ ਚੁੱਕੀ ਹੈ। ਦੋ ਤੋਂ ਵੱਧ ਬੱਚਿਆਂ ਦੇ ਮਾਪਿਆਂ ਉਤੇ ਚੋਣਾਂ ਲੜਨ ’ਤੇ ਪਾਬੰਦੀ ਲਾਉਣ ਸਬੰਧੀ ਬਿੱਲ ਦਾ ਖਰੜਾ 1992 ਤੋਂ ਤਿਆਰ ਹੈ, ਪਰ ਹੁਣ ਤਕ ਇਸ ਨੂੰ ਸੰਸਦ ਵਿੱਚ ਨਹੀਂ ਲਿਆਂਦਾ ਗਿਆ। ਬੀਮਾ ਖੇਤਰ ਨਾਲ ਜੁੜੇ ਸ੍ਰੀ ਦਿਨੇਸ਼ ਨੇ ਦੱਸਿਆ ਕਿ ਉਨ੍ਹਾਂ ਲਗਪਗ ਅਠਾਈ ਵਰ੍ਹੇ ਪਹਿਲਾਂ ਇਹ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ 365 ਸ਼ਹਿਰਾਂ ਦੀ ਯਾਤਰਾ ਕਰ ਚੁੱਕੇ ਹਨ।