ਮਨੋਜ ਸ਼ਰਮਾ
ਬਠਿੰਡਾ, 2 ਜਨਵਰੀ
ਇਥੋਂ ਦੇ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਕੈਂਪਸ ਵਿੱਚ ਐੱਮਬੀਬੀਐੱਸ ਵਿਦਿਆਰਥੀਆਂ ਦੇ ਦੂਜੇ ਬੈਚ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਏਮਜ਼ ਬਠਿੰਡਾ ਦੇ ਵਿੱਦਿਅਕ ਸੈਸ਼ਨ 2020-21 ਲਈ ਅੰਡਰਗ੍ਰੈਜੂਏਟ ਮੈਡੀਕਲ ਕੋਰਸ ਵਿੱਚ ਦੇਸ਼ ਭਰ ਤੋਂ 100 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਨਵੇਂ ਬੈਚ ਦੇ ਸਵਾਗਤ ਲਈ ਪ੍ਰੋਗਰਾਮ ਨਵੇਂ ਬਣੇ ਅੰਡਰਗ੍ਰੈਜੂਏਟ ਹੋਸਟਲ ਕੈਂਪਸ ਵਿੱਚ। ਏਮਜ਼ ਬਠਿੰਡਾ ਦੇ ਡਾਇਰੈਕਟਰ, ਪ੍ਰੋਫੈਸਰ ਡਾ.ਦਿਨੇਸ਼ ਕੁਮਾਰ ਸਿੰਘ ਨੇ ਵਿਦਿਆਰਥੀਆਂ ਨੂੰ ਚੁਣੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸ਼ਖਸੀਅਤ ਦੇ ਪੂਰਨ ਪ੍ਰਗਟਾਵੇ ਲਈ ਪਾਠਕ੍ਰਮ ਦੀਆਂ ਸਰਗਰਮੀਆਂ ਵਿਚ ਪੂਰਾ ਹਿੱਸਾ ਲੈਣ। ਸੰਸਥਾ ਦੇ ਡੀਨ ਕਰਨਲ ਡਾ. ਸਤੀਸ਼ ਗੁਪਤਾ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਰੈਗਿੰਗ ਅਤੇ ਕੈਂਪਸ ਵਿੱਚ ਅਨੁਸ਼ਾਸਨਹੀਣਤਾ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦਾ ਭਰੋਸਾ ਦਿੱਤਾ।