ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੂਨ
ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂ ਸਚਿਨ ਪਾਇਲਟ ਨੇ ਅੱਜ ਪਿੰਡ ਮੂਸਾ ਵਿੱਚ ਮਰਹੂਮ ਕਾਂਗਰਸੀ ਆਗੂ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿੱਚ ਪਹੁੰਚ ਕੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜੇ ਕੋਈ ਕਸੂਰਵਾਰ ਰਾਜਸਥਾਨ ਵਿੱਚੋਂ ਨਿਕਲਿਆ ਤਾਂ ਪਰਿਵਾਰ ਅਤੇ ਪੰਜਾਬ ਸਰਕਾਰ ਨੂੰ, ਜੋ ਸਹਾਇਤਾ ਦੀ ਲੋੜ ਪਵੇਗੀ, ਉਸ ਨੂੰ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਲਈ ਪੰਜਾਬ ਅੰਦਰ ਹਰ ਰੋਜ਼ ਖ਼ਰਾਬ ਹੁੰਦੇ ਹਾਲਾਤ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਕਾਨੂੰਨ ਵਿਵਸਥਾ ਬਣਾ ਕੇ ਰਾਜ ਅੰਦਰ ਸ਼ਾਂਤੀ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪੰਜਾਬ ਦੇ ਲੋਕ ਪਹਿਲਾਂ ਹੀ ਲੰਬਾ ਸਮਾਂ ਸੰਤਾਪ ਭੋਗ ਚੁੱਕੇ ਹਨ। ਲੋਕ ਨਹੀਂ ਚਾਹੁੰਦੇ ਕਿ ਪੰਜਾਬ ਅੰਦਰ ਮੁੜ ਕਾਲਾ ਦੌਰ ਵਾਪਸ ਆਵੇ। ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੇ ਕਿਹਾ ਕਿ ਨੌਜਵਾਨ ਕਲਾਕਾਰ ਨੇ ਕਾਮਯਾਬੀ ਦੀਆਂ ਵੱਡੀਆਂ ਬੁਲੰਦੀਆਂ ਨੂੰ ਛੂਹਣਾ ਸੀ, ਪਰ ਇਸ ਦਾ ਭਰੀ ਜਵਾਨੀ ਵਿੱਚ ਚਲੇ ਜਾਣਾ ਫ਼ਿਲਮ ਤੇ ਸੰਗੀਤ ਖੇਤਰ ਲਈ ਮੰਦਭਾਗਾ ਹੈ। ਫ਼ਿਲਮ ਅਦਾਕਾਰ ਯੋਗਰਾਜ ਸਿੰਘ ਨੇ ਕੇਂਦਰ ਦੀ ਸੀਬੀਆਈ ਤੋਂ ਕਤਲ ਸਬੰਧੀ ਜਾਂਚ ਕਰਵਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਕਲਾ, ਹੁਨਰ, ਅਦਾਕਾਰੀ ਕਦੇ-ਕਦੇ ਹੀ ਜਨਮ ਲੈਂਦੀ ਹੈ। ਇਸ ਮੌਕੇ ਫਿਲਮ ਅਦਾਕਾਰ ਸੋਨਮ ਬਾਜਵਾ, ਕਾਂਗਰਸੀ ਨੇਤਾ ਮਾਲਵਿਕਾ ਸੂਦ, ਸਤਵਿੰਦਰ ਬਿੱਟੀ, ਗਾਇਕ ਮਾਸਟਰ ਸਲੀਮ, ਪ੍ਰੀਤ ਹਰਪਾਲ, ਸਚਿਨ ਆਹੂਜਾ ਨੇ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਕਾਮਨਾ ਕੀਤੀ।
ਇਸ ਮੌਕੇ ਕਾਮਰੇਡ ਹਰਦੇਵ ਸਿੰਘ ਅਰਸ਼ੀ, ਐੱਸਜੀਪੀਸੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਝੱਲਬੂਟੀ, ਕਰਮ ਸਿੰਘ ਚੌਹਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸਰਦਾਰੀਆ ਟਰੱਸਟ ਲਾਵੇਗਾ ਪੱਗਾਂ ਦਾ ਲੰਗਰ
ਸਰਦਾਰੀਆ ਟਰੱਸਟ ਦੇ ਆਗੂਆਂ ਨੇ ਸਿੱਧੂ ਮੂਸੇਵਾਲਾ ਦੇ ਪੀੜਤ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਅਪੀਲ ਕੀਤੀ ਕਿ ਸਿੱਧੂ ਮੂਸੇਵਾਲਾ ਕੇਸਧਾਰੀ ਅਤੇ ਪੱਗੜੀਧਾਰੀ ਸਨ। ਇਸ ਕਰਕੇ ਨੌਜਵਾਨਾਂ ਨੂੰ ਭੋਗ ਵਾਲੇ ਦਿਨ ਪੱਗਾਂ ਬੰਨ੍ਹ ਕੇ ਪੁੱਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭੋਗ ਵਾਲੇ ਦਿਨ ਟਰੱਸਟ ਵੱਲੋਂ ਪੱਗਾਂ ਦਾ ਲੰਗਰ ਵੀ ਲਗਾਇਆ ਜਾਵੇਗਾ।