ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੂਨ
ਪੁਲੀਸ ‘ਤੇ ਲੱਗੇ ਕੁੱਟਮਾਰ ਦੇ ਦੋਸ਼ ਤਹਿਤ ਪਿੰਡ ਫਫੜੇ ਭਾਈਕੇ ਦੇ ਦਲਿਤ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਐੱਸਸੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਸ਼ੁੱਕਰਵਾਰ ਨੂੰ ਪਿੰਡ ਫਫੜੇ ਜਾਣ ਅਤੇ ਇਸ ਤੋਂ ਪਹਿਲਾਂ ਮਾਨਸਾ ਰੈਸਟ ਹਾਊਸ ਵਿਖੇ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਉਨ੍ਹਾਂ ਦੀ ਆਮਦ ਦੀ ਭਿਣਕ ਪੈਂਦਿਆਂ ਹੀ ਕਿਸਾਨਾਂ ਨੇ ਮਾਨਸਾ ਦੇ ਰੈਸਟ ਹਾਊਸ ਤੇ ਪਿੰਡ ਫਫੜੇ ਭਾਈਕੇ ਪੂਰੀ ਤਰ੍ਹਾਂ ਘੇਰ ਲਿਆ। ਕਿਸਾਨਾਂ ਦੇ ਇਸ ਵਿਰੋਧ ਨੂੰ ਲੈ ਕੇ ਪਿੰਡ ਫਫੜੇ ਭਾਈਕੇ ਪੁਲੀਸ ਛਾਉਣੀ ’ਚ ਤਬਦੀਲ ਹੋ ਗਿਆ ਪਰ ਦੁਪਹਿਰ ਦੇ ਢਾਈ ਵਜੇ ਤੱਕ ਭਾਜਪਾ ਆਗੂ ਵਿਜੇ ਸਾਂਪਲਾ ਪੁਲੀਸ ਲਾਈਨ ਵਿਖੇ ਹੀ ਬੈਠੇ ਰਹੇ। ਭਾਜਪਾ ਆਗੂ ਵਿਜੈ ਸਾਂਪਲਾ ਦਾ ਵਿਰੋਧ ਕਰਨ ਦੇ ਦੋਸ਼ ਹੇਠ 6 ਕਿਸਾਨ ਆਗੂਆਂ ਸਮੇਤ 250 ਅਣਪਛਾਤੇ ਕਿਸਾਨਾਂ ’ਤੇ ਪੁਲੀਸ ਵੱਲੋਂ ਭੀਖੀ ਥਾਣੇ ’ਚ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਕਿਸਾਨਾਂ ਵਿੱਚ ਸਾਧੂ ਸਿੰਘ ਅਲੀਸ਼ੇਰ, ਬਲਮ ਸਿੰਘ ਫਫੜੇ ਭਾਈਕੇ, ਜਗਤਾਰ ਸਿੰਘ ਸਾਬਕਾ ਸਰਪੰਚ ਗੁਰਨੇ ਕਲਾਂ, ਅਮਨਜੀਤ ਸਿੰਘ ਜਿੱਤੀ ਗੁਰਨੇ ਖੁਰਦ, ਜਸਵਿੰਦਰ ਸਿੰਘ ਗੁਰਨੇ ਕਲਾਂ ਸ਼ਾਮਲ ਹਨ। ਪੁਲੀਸ ਨੇ ਧਾਰਾ 188, 283, ਐੱਸਸੀ ਅਤੇ ਐੱਸਟੀ ਪ੍ਰੀਵੈਨਸ਼ਨ ਐਕਟ 3 (1) ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ-2005-51 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਧਰ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਭਾਜਪਾ ਆਗੂ ਨੂੰ ਕਿਸੇ ਵੀ ਕੀਮਤ ’ਤੇ ਪਿੰਡ ’ਚ ਨਹੀਂ ਵੜਨ ਦੇਣਗੇ। ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਫਫੜੇ, ਮੇਜਰ ਸਿੰਘ, ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਉਨ੍ਹਾਂ ਨੇ ਟੀਮਾਂ ਦੇ ਕਾਫਲੇ ਬਣਾਏ ਹੋਏ ਹਨ। ਪਿੰਡ ਤੇ ਸ਼ਹਿਰ ਅੰਦਰ ਉਹ ਧਰਨਾ ਲਗਾ ਕੇ ਬੈਠੇ ਹੋਏ ਹਨ। ਸਾਬਕਾ ਕੇਂਦਰੀ ਮੰਤਰੀ ਦੇ ਆਉਣ ’ਤੇ ਉਨ੍ਹਾਂ ਨੂੰ ਮੋੜਿਆ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਪੰਜਾਬ ਦੇ ਪਿੰਡਾਂ ’ਚ ਭਾਜਪਾ ਨੇਤਾਵਾਂ, ਆਗੂਆਂ ਤੇ ਮੰਤਰੀਆਂ ਦੀ ਨੋ ਐਂਟਰੀ ਹੋਵੇ। ਉਧਰ ਭਾਜਪਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮੱਖਣ ਲਾਲ ਨੇ ਕਿਹਾ ਸਾਬਕਾ ਕੇਂਦਰੀ ਮੰਤਰੀ ਨੇ ਦਲਿਤ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਪਿੰਡ ਫਫੜੇ ਭਾਈਕੇ ਪੁੱਜਣਾ ਹੈ ਅਤੇ ਉਨ੍ਹਾਂ ਦਾ ਉਲੀਕਿਆ ਪ੍ਰੋਗਰਾਮ ਬਿਲਕੁੱਲ ਪੱਕਾ ਹੈ ਤੇ ਉਹ ਆਪਣਾ ਪ੍ਰੋਗਰਾਮ ਮੁਕੰਮਲ ਕਰ ਕੇ ਹੀ ਮੁੜਨਗੇ।