ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਜੂਨ
ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਹਰ ਸਾਲ 13 ਅਪਰੈਲ ਨੂੰ ਖਾਲਸਾ ਸਾਜਨਾ ਦਿਵਸ ਮੌਕੇ ਦਸਤਾਰ ਦਿਵਸ ਮਨਾਇਆ ਜਾਵੇਗਾ। ਉਥੋਂ ਦੀ ਵਿਧਾਨ ਸਭਾ ਵੱਲੋਂ ਇਸ ਸਬੰਧੀ ਇੱਕ ਦਸਤਾਰ ਦਿਵਸ ਐਕਟ ਨੂੰ ਮਾਨਤਾ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਐਕਟ ਨੂੰ ਮਾਨਤਾ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਦੱਸਿਆ ਕਿ ਪਾਸ ਹੋਏ ਇਸ ਐਕਟ ਅਨੁਸਾਰ ਹੁਣ ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਹਰ ਸਾਲ 13 ਅਪਰੈਲ ਨੂੰ ਦਸਤਾਰ ਦਿਵਸ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਦਸਤਾਰ ਸਿੱਖਾਂ ਦੀ ਪਛਾਣ ਹੈ ਤੇ ਅੱਜ ਪੂਰੀ ਦੁਨੀਆ ਵਿੱਚ ਵਸਦੇ ਸਿੱਖ ਆਪਣੀਆਂ ਦਸਤਾਰਾਂ ਨਾਲ ਸਿੱਖ ਪਛਾਣ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਸਰਕਾਰੀ ਤੌਰ ’ਤੇ ਦਸਤਾਰ ਨੂੰ ਮਾਣ-ਸਤਿਕਾਰ ਮਿਲਣਾ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਤੇ ਅਜਿਹਾ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿੱਚ ਵਸਦੇ ਸਿੱਖਾਂ ਦੇ ਯਤਨਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਸਦਕਾ ਹੀ ਸੰਭਵ ਹੋ ਰਿਹਾ ਹੈ। ਸ੍ਰੀ ਧਾਮੀ ਨੇ ਇਸ ਫ਼ੈਸਲੇ ਲਈ ਮੈਨੀਟੋਬਾ ਦੀ ਸਰਕਾਰ ਦਾ ਧੰਨਵਾਦ ਕੀਤਾ ਤੇ ਸਿੱਖਾਂ ਨੂੰ ਮੁਬਾਰਕਬਾਦ ਦਿੱਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ 1984 ਦੇ ਸਿੱਖ ਕਤਲੇਆਮ ਦੇ ਚਾਰ ਦੋਸ਼ੀਆਂ ਦੀ ਕਾਨਪੁਰ ਵਿੱਚ ਹੋਈ ਗ੍ਰਿਫ਼ਤਾਰੀ ਦਾ ਸਵਾਗਤ ਕਰਦਿਆਂ ਬਾਕੀ ਦੋਸ਼ੀਆਂ ਨੂੰ ਵੀ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 1984 ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਜਿਸ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾਵਾਂ ਨਹੀਂ ਮਿਲੀਆਂ ਹਨ।