ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 2 ਅਕਤੂਬਰ
ਇਥੋਂ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਛੇਵੀਂ ਦੇ ਵਿਦਿਆਰਥਈ ਅਨਮੋਲ ਨੇ ਆਪਣੇ ਜੇਬ ਖਰਚੇ ਵਿੱਚੋਂ ਪੈਸੇ ਬਚਾ ਕੇ ਗਾਂਧੀ ਜਯੰਤੀ ਮੌਕੇ ਬਾਪੂ ਪਾਰਕ ਤੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਸਜਾਇਆ। ਇੱਕ ਦਿਨ ਪਹਿਲਾਂ ਖਰੀਦ ਕੇ ਰੱਖੇ ਗੁਬਾਰਿਆਂ ਅਤੇ ਰੀਬਨਾਂ ਨਾਲ ਆਪਣੀ ਉਮਰ ਨਾਲੋਂ ਵਧੀਆ ਸਜਾਵਟ ਕਰਨ ਤੋਂ ਇਲਾਵਾ ਅਨਮੋਲ ਨੇ ਆਪਣੇ ਹੱਥ ਨਾਲ ਹੈਪੀ ਬਰਥਡੇ ਮੋਹਨ ਦਾਸ ਕਰਮ ਚੰਦ ਗਾਂਧੀ ਕਾਰਡ ਬਣਾਕੇ ਵੀ ਪਾਰਕ ਦੇ ਮੁੱਖ ਗੇਟ ਉੱਪਰ ਚਿਪਕਾਇਆ ਹੈ। ਸਕੂਲ ਵਿੱਚ ਰਹਿੰਦੇ ਮੁਲਾਜ਼ਮ ਰਾਮ ਸ਼ਕਲ ਨੇ ਦੱਸਿਆ ਕਿ ਅਨਮੋਲ ਅੱਜ ਆਮ ਨਾਲੋਂ ਪਹਿਲਾਂ ਉੱਠ ਗਿਆ ਸੀ ਅਤੇ ਪਤਾ ਨਹੀਂ ਕਦੋਂ ਉਸ ਨੇ ਸੈਰ ਕਰਨ ਆਉਣ ਵਾਲੇ ਕਿਸੇ ਸੱਜਣ ਦੀ ਮਦਦ ਨਾਲ ਬਾਪੂ ਪਾਰਕ ਅਤੇ ਗਾਂਧੀ ਦੇ ਬੁੱਤ ਨੂੰ ਸਜਾ ਦਿੱਤਾ। ਰਾਮ ਸ਼ਕਲ ਨੇ ਮੰਨਿਆ ਕਿ ਕੁੱਝ ਹਫ਼ਤਿਆਂ ਤੋਂ ਅਨਮੋਲ ਆਪਣਾ ਜੇਬ ਖਰਚ ਬਚਾ ਰਿਹਾ ਸੀ ਪਰ ਉਨ੍ਹਾਂ ਨੂੰ ਇਸ ਪਿੱਛੇ ਉਸ ਦੇ ਮਕਸਦ ਬਾਰੇ ਨਹੀਂ ਪਤਾ ਸੀ। ਅਨਮੋਲ ਨੇ ਅਫਸੋਸ ਪ੍ਰਗਟ ਕੀਤਾ ਕਿ ਬੁੱਤ ਦੀ ਉਚਾਈ ਤੱਕ ਪਹੁੰਚਣ ਲਈ ਉਸ ਨੂੰ ਕਿਸੇ ਦੀ ਮਦਦ ਲੈਣੀ ਪਈ।