ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਫਰਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ’ਤੇ ਕਿਹਾ ਕਿ ਪੰਜਾਬ ਦੇ ਲੋਕਾਂ ’ਤੇ ਚੰਨੀ ਦੇ ਨਾਮ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਕਾਂਗਰਸ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਏ, ਹੁਣ ਪੰਜਾਬ ਦੀ ਜਨਤਾ ਉਸ ਨੂੰ ਵੋਟ ਨਹੀਂ ਦੇਣ ਵਾਲੀ। ਪੰਜਾਬ ਦੇ ਲੋਕਾਂ ਨੇ ਇਸ ਵਾਰ ‘ਆਪ’ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ।
ਸ੍ਰੀ ਚੱਢਾ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਦੇ ਉਮੀਦਵਾਰ ’ਤੇ ਰੇਤ ਮਾਫੀਆ ਅਤੇ ਟਰਾਂਸਫਰ-ਪੋਸਟਿੰਗ ਘੁਟਾਲੇ ਵਰਗੇ ਗੰਭੀਰ ਦੋਸ਼ ਲੱਗੇ ਹਨ, ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਸਿੱਧਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਕੋਲ ਦੋ ਬਦਲ ਹਨ। ਇਕ ਪਾਸੇ ਚਰਨਜੀਤ ਸਿੰਘ ਚੰਨੀ ਤੇ ਦੂਜੇ ਪਾਸੇ ਇਮਾਨਦਾਰ ਆਦਮੀ ਭਗਵੰਤ ਮਾਨ ਹੈ, ਜਿਸ ਨੇ ਕਰੋੜਾਂ ਰੁਪਏ ਕਮਾਉਣ ਵਾਲਾ ਕੰਮ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕੀਤਾ ਅਤੇ ਲੋਕ ਸਭਾ ਵਿੱਚ ਹਮੇਸ਼ਾ ਪੰਜਾਬੀਆਂ ਦੀ ਆਵਾਜ਼ ਬੁਲੰਦ ਕੀਤੀ ਹੈ। ‘ਆਪ’ ਆਗੂ ਨੇ ਕਿਹਾ ਕਿ ਬਾਦਲਾਂ ਅਤੇ ਕਾਂਗਰਸ ਨੂੰ 50 ਸਾਲ ਸਰਕਾਰ ਚਲਾਉਣ ਦਾ ਮੌਕਾ ਮਿਲਿਆ, ਪਰ ਇਨ੍ਹਾਂ ਨੇ ਸੱਤਾ ’ਚ ਰਹਿ ਕੇ ਜਨਤਾ ਦਾ ਕੰਮ ਕਰਨ ਦੀ ਬਜਾਏ ਸਿਰਫ ਆਪਣੀਆਂ ਜੇਬਾਂ ਭਰੀਆਂ।