ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ 15 ਜਨਵਰੀ
ਸ੍ਰੀ ਦਰਬਾਰ ਸਾਹਿਬ ਵੱਲੋਂ ਪੰਜ ਪਿਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਅਤੇ ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਮਗਰੋਂ ਅੱਜ ਧਾਰਮਿਕ ਮੇਲਾ ਮਾਘੀ ਸਮਾਪਤ ਹੋ ਗਿਆ। ਨਗਰ ਕੀਰਤਨ ਸਵੇਰੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ ਪਹੁੰਚ ਕੇ ਸਮਾਪਤ ਹੋਇਆ।
ਇਸ ਮੌਕੇ ਬੈਂਡ-ਬਾਜੇ, ਨਰਸਿੰਘੇ ਅਤੇ ਗਤਕਾ ਪਾਰਟੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਥਾਂ-ਥਾਂ ਲੰਗਰ ਲਾਏ ਗਏ। ਮੇਲਾ ਮਾਘੀ ਸਬੰਧੀ ਲੱਖਾਂ ਲੋਕ ਸ੍ਰੀ ਦਰਬਾਰ ਸਾਹਿਬ ਪੁੱਜੇ ਹਨ ਤੇ ਹਾਲੇ ਵੀ ਦਰਸ਼ਨ-ਇਸ਼ਨਾਨ ਦਾ ਸਿਲਸਲਾ ਜਾਰੀ ਹੈ। ਅੱਜ ਸਜਾਏ ਨਗਰ ਕੀਰਤਨ ਵਿੱਚ ਵੀ ਵੱਡੀ ਗਿਣਤੀ ਸੰਗਤ ਨੇ ਹਿੱਸਾ ਲਿਆ। ਬਾਅਦ ਦੁਪਹਿਰ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਦੀ ਅਗਵਾਈ ਹੇਠ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਤੱਕ ਮਹੱਲਾ ਕੱਢਿਆ ਗਿਆ, ਜਿਸ ਵਿੱਚ ਸੈਂਕੜੇ ਘੋੜੇ, ਹਾਥੀ ਤੇ ਊਠ ਸ਼ਾਮਲ ਸਨ। ਮਹੱਲੇ ਵਿੱਚ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ ਲੁਧਿਆਣਾ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਰਘੁਬੀਰ ਸਿੰਘ ਖਿਆਲੇਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਮਾਨ ਸਿੰਘ ਤਰਨਾ ਦਲ, ਬਾਬਾ ਵੱਸਣ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ 1ਤਰਲੋਕ ਸਿੰਘ, ਬਾਬਾ ਤਰਸੇਮ ਸਿੰਘ ਮਹਿਤਾ ਚੌਕ, ਬਾਬਾ ਜਗਤਾਰ ਸਿੰਘ ਠੱਠੇ ਵਾਲੇ, ਬਾਬਾ ਸਤਨਾਮ ਸਿੰਘ ਮੁਕਤਸਰ, ਬਾਬਾ ਚੂੰਡਾ ਸਿੰਘ ਮਿਸਲ ਭਾਈ ਬਚਿੱਤਰ ਸਿੰਘ, ਬਾਬਾ ਕੁਲਵਿੰਦਰ ਸਿੰਘ ਤਰਨਾ ਦਲ ਚਮਕੌਰ ਸਾਹਿਬ, ਬਾਬਾ ਛਿੰਦਾ ਸਿੰਘ ਭਿੱਖੀਵਿੰਡ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਅਤੇ ਬਾਬਾ ਭੁਪਿੰਦਰ ਸਿੰਘ ਲੱਖੀ ਜੰਗਲ ਹੋਰਾਂ ਦੇ ਜਥੇ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਇਸ ਵਾਰ ਕਰੋਨਾ ਦੇ ਵੱਘ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਮੇਲਾ ਛੇਤੀ ਸਮਾਪਤ ਕੀਤਾ ਗਿਆ ਹੈ। ਨਗਾੜਿਆਂ ਤੇ ਨਰਸਿੰਗਿਆਂ ਦੀਆਂ ਦਮਦਾਰ ਆਵਾਜ਼ਾਂ ਨੇ ਮਾਹੌਲ ਨੂੰ ਧਾਰਮਿਕ ਰੰਗ ਵਿੱਚ ਰੰਗ ਦਿੱਤਾ।
ਨਿਹੰਗ ਛਾਉਣੀ ਗੁਰੂ ਕਾ ਖੂਹ ਵਿੱਚ ਨਿਹੰਗ ਸਿੰਘਾਂ ਨੇ ਘੋੜ-ਦੌੜ, ਕਿੱਲਾ ਪੁੱਟਣ ਤੇ ਨੇਜਾਬਾਜ਼ੀ ਵਰਗੀ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ। ਯੋਧਿਆਂ ਦੇ ਛੇ ਘੋੜਿਆਂ ’ਤੇ ਖੜ੍ਹ ਕੇ ਘੋੜ ਸਵਾਰੀ ਕਰਨ ਦੇ ਕਰਤੱਬਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਗਤਕੇ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਦੋ ਦਰਜਨ ਦੇ ਕਰੀਬ ਗਤਕਾ ਪਾਰਟੀਆਂ ਨੇ ਹਿੱਸਾ ਲਿਆ। ਦੇਰ ਸ਼ਾਮ ਨਗਰ ਕੀਰਤਨ ਤੇ ਮਹੱਲਾ ਦੀ ਵਾਪਸੀ ਮਗਰੋਂ ਇਹ ਧਾਰਮਿਕ ਮੇਲਾ ਸਮਾਪਤ ਹੋ ਗਿਆ, ਪਰ ਮਨੋਰੰਜਨ ਮੇਲਾ ਤੇ ਬਾਜ਼ਾਰ ਹਾਲੇ ਮਹੀਨਾ ਭਰ ਜਾਰੀ ਰਹੇਗਾ।