ਚਰਨਜੀਤ ਭੁੱਲਰ
ਚੰਡੀਗੜ੍ਹ, 7 ਅਗਸਤ
ਪੰਜਾਬ ਸਰਕਾਰ ਵੱਲੋਂ ਪਸ਼ੂਆਂ ’ਚ ਚਮੜੀ ਰੋਗ ਦੀ ਬਿਮਾਰੀ (ਲੰਪੀ ਸਕਿਨ) ਦੇ ਫ਼ੈਲਾਅ ਨੂੰ ਠੱਲ੍ਹਣ ਲਈ ਪਸ਼ੂਆਂ ਨੂੰ ਇੱਕ ਤੋਂ ਦੂਜੇ ਰਾਜ ਵਿੱਚ ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਬਿਮਾਰੀ ਦੇ ਮੱਦੇਨਜ਼ਰ ਪਸ਼ੂ ਮੇਲੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਪੌਣੇ ਛੇ ਸੌ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੀੜਤ ਪਸ਼ੂਆਂ ਦਾ ਅੰਕੜਾ 27 ਹਜ਼ਾਰ ਨੂੰ ਛੂਹ ਗਿਆ ਹੈ। ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਹਾਲਾਤ ਇੰਨੇ ਗੰਭੀਰ ਬਣ ਗਏ ਹਨ ਕਿ ਹੁਣ ਹੱਡਾ ਰੋੜੀਆਂ ਵੀ ਪਸ਼ੂਆਂ ਨੂੰ ਝੱਲ ਨਹੀਂ ਰਹੀਆਂ। ਆਵਾਰਾ ਪਸ਼ੂ ਤਾਂ ਸੜਕਾਂ ਕਿਨਾਰੇ ਹੀ ਪਏ ਹਨ, ਜਿਨ੍ਹਾਂ ਕਾਰਨ ਹਾਲਾਤ ਹੋਰ ਵਿਗੜਨ ਦਾ ਵੀ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਤਲਵੰਡੀ ਸਾਬੋ ਦੇ ਪਿੰਡ ਕਮਾਲੂ ਦੇ ਸਮਾਜ ਸੇਵੀ ਨੌਜਵਾਨ ਮੇਜਰ ਸਿੰਘ ਨੇ ਦੱਸਿਆ ਕਿ ਸੜਕਾਂ ਤੇ ਨਹਿਰਾਂ ਕਿਨਾਰੇ ਮਰੇ ਹੋਏ ਪਸ਼ੂ ਪਏ ਹਨ, ਜਿਨ੍ਹਾਂ ਨੂੰ ਕੋਈ ਨਹੀਂ ਚੁੱਕ ਰਿਹਾ। ਸੰਗਰੂਰ ਦੇ ਪਿੰਡ ਢੰਡੋਲੀ ਕਲਾਂ ਦੀ ਹੱਡਾਂ ਰੋੜੀ ਦੇ ਗੇਟ ’ਤੇ ਹੀ ਮਰੇ ਪਸ਼ੂ ਪਏ ਹਨ, ਜਿਸ ਕਾਰਨ ਰਾਹਗੀਰਾਂ ਦਾ ਵੀ ਉੱਥੋਂ ਲੰਘਣਾ ਔਖਾ ਹੋ ਗਿਆ ਹੈ।
ਗ਼ੌਰਤਲਬ ਹੈ ਕਿ ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਦਾ ਕੇਸ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਆਇਆ ਸੀ ਤੇ ਗੁਜਰਾਤ ਤੇ ਰਾਜਸਥਾਨ ਵੱਲੋਂ ਸੂਬੇ ਵਿੱਚ ਇਸ ਬਿਮਾਰੀ ਦਾ ਪ੍ਰਵੇਸ਼ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮਾਹਰ ਆਖਦੇ ਹਨ ਕਿ ਇਹ ਬਿਮਾਰੀ ਪਾਕਿਸਤਾਨ ’ਚੋਂ ਆਈ ਹੈ, ਜਿਸ ਦਾ ਪਾਸਾਰ ਹੁਣ ਹਰਿਆਣਾ ਸੂਬੇ ਵਿੱਚ ਵੀ ਵੱਡੇ ਪੱਧਰ ’ਤੇ ਹੋ ਗਿਆ ਹੈ। ਇਸ ਤੋਂ ਬਚਾਅ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ਵਿੱਚ ਲੱਗਣ ਵਾਲੇ ਪਸ਼ੂਆਂ ਮੇਲਿਆਂ ’ਤੇ ਰੋਕ ਲਗਾਈ ਗਈ ਹੈ। ਪੰਚਾਇਤ ਮਹਿਕਮੇ ਨੂੰ ਪਿੰਡਾਂ ਦੀਆਂ ਹੱਡਾ ਰੋੜੀਆਂ ’ਤੇ ਨਿਗ੍ਹਾ ਰੱਖਣ ਲਈ ਕਿਹਾ ਗਿਆ ਹੈ।
ਸਰਕਾਰ ਨੇ ਦਵਾਈ ਦੀ 66 ਹਜ਼ਾਰ ਡੋਜ਼ ਵੰਡੀ: ਭੁੱਲਰ
ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਹੈਦਰਾਬਾਦ ਤੋਂ ਉਚੇਚੇ ਤੌਰ ’ਤੇ ‘ਗੋਟ ਪੌਕਸ’ ਦਵਾਈ ਦੀ 66,666 ਡੋਜ਼ ਮੰਗਾ ਕੇ ਸੂਬੇ ਭਰ ਵਿੱਚ ਵੰਡੀ ਗਈ ਹੈ ਤੇ ਹੋਰ ਦਵਾਈ ਵੀ ਮੰਗਵਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਰੇ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਨਾ ਸੁੱਟ ਕੇ, ਸਗੋਂ ਦਫ਼ਨ ਕੀਤਾ ਜਾਵੇ। ਹਾਲ ਦੀ ਘੜੀ ਦੂਜੇ ਰਾਜਾਂ ਤੋਂ ਪਸ਼ੂ ਖ਼ਰੀਦ ਕੇ ਪੰਜਾਬ ਅੰਦਰ ਨਾ ਲਿਆਂਦੇ ਜਾਣ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਦਵਾਈਆਂ ਦੀ ਕਾਲਾਬਾਜ਼ਾਰੀ ਸ਼ੁਰੂ
ਪੰਜਾਬ ’ਚ ਪਸ਼ੂਆਂ ਨੂੰ ਇਸ ਬਿਮਾਰੀ ਦੀ ਲਾਗ ਤੋਂ ਬਚਾਉਣ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ। ਇਹ ਦਵਾਈਆਂ ਹੁਣ ਦੁੱਗਣੇ ਭਾਅ ’ਤੇ ਵਿਕ ਕਰ ਰਹੀਆਂ ਹਨ। ਇਸ ਸਬੰਧੀ ਹੋਮਿਓਪੈਥਿਕ ਦਵਾਈ ਵੀ ਵੱਡੇ ਪੱਧਰ ’ਤੇ ਵਿਕ ਰਹੀ ਹੈ। ਇਸ ਔਖੀ ਘੜੀ ਵਿੱਚ ਪਸ਼ੂ ਪਾਲਕਾਂ ਨੂੰ ਮਹਿੰਗੇ ਮੁੱਲ ਦੀ ਦਵਾਈ ਖਰੀਦਣੀ ਪੈ ਰਹੀ ਹੈ।