ਜੇ.ਬੀ. ਸੇਖੋਂ
ਗੜ੍ਹਸ਼ੰਕਰ, 10 ਅਗਸਤ
ਕਸਬਾ ਸੈਲਾ ਖੁਰਦ ਵਿੱਚ ਅੱਜ ਸਵੇਰੇ ਲੁਟੇਰਿਆਂ ਨੇ ਕਬਾੜੀਏ ਦਿਲਬਾਗ ਸਿੰਘ (65) ਵਾਸੀ ਮਹਿੰਗਰੋਵਾਲਦਾ ਦਾ ਕਤਲ ਕਰਕੇ ਉਸ ਦੀ ਦੁਕਾਨ ਵਿੱਚੋਂ ਪੰਝੀ ਹਜ਼ਾਰ ਦੀ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ। ਦਿਲਬਾਗ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਗੱਤਾ ਖਰੀਦਣ ਲਈ ਬਾਜ਼ਾਰ ਗਿਆ ਸੀ, ਜਦੋਂ ਵਾਪਸ ਆਇਆ ਤਾਂ ਉਸ ਦਾ ਪਿਤਾ ਦੁਕਾਨ ਵਿੱਚ ਮ੍ਰਿਤਕ ਹਾਲਤ ਵਿੱਚ ਪਿਆ ਸੀ। ਉਸ ਨੇ ਦੱਸਿਆ ਕਿ ਦੁਕਾਨ ਵਿੱਚੋਂ ਪੰਝੀ ਹਜ਼ਾਰ ਦੀ ਨਕਦੀ ਅਤੇ ਉਸ ਦੇ ਪਿਤਾ ਦਾ ਮੋਬਾਈਲ ਫੋਨ ਲਾਪਤਾ ਸੀ। ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਕਮੀਜ਼ ਦੇ ਬਟਨ ਵੀ ਟੁੱਟੇ ਹੋਏ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਪਿਤਾ ਦੀ ਲੁਟੇਰਿਆਂ ਨਾਲ ਖਿੱਚ-ਧੂਹ ਵੀ ਹੋਈ ਸੀ। ਡੀਐੱਸਪੀ ਦਲਜੀਤ ਸਿੰਘ ਖੱਖ ਤੇ ਐੱਸਐੱਚਓ ਮਾਹਿਲਪੁਰ ਜਸਵੰਤ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਕਿਹਾ ਕਿ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਇਲਾਕੇ ਦੀ ਸੀਸੀਟੀਵੀ ਫੁਟੇਜ ਵੀ ਘੋਖੀ ਜਾ ਰਹੀ ਹੈ।