ਰਵੇਲ ਸਿੰਘ ਭਿੰਡਰ
ਪਟਿਆਲਾ, 5 ਜੁਲਾਈ
ਝੋਨੇ ਦੇ ਸੀਜ਼ਨ ਦੇ ਪੀਕ ਲੋਡ ’ਚ ਸਰਕਾਰੀ ਖੇਤਰ ਦੇ ਲਹਿਰਾ ਮੁਹੱਬਤ ਅਤੇ ਨਿੱਜੀ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਬਿਜਲੀ ਉਤਪਾਦਨ ਪੱਖੋਂ ਸੰਕਟ ਮੋਚਕ ਬਣੇ ਹੋਏ ਹਨ। ਦੋਵੇਂ ਪਲਾਂਟਾਂ ਦੀਆਂ ਸਾਰੀਆਂ ਉਤਪਾਦਨ ਇਕਾਈਆਂ ਪੂਰੀ ਲੋਡ ਸਮੱਰਥਾ ’ਤੇ ਚੱਲ ਰਹੀਆਂ ਹਨ। ਵੱਡੀ ਖਾਸੀਅਤ ਇਹ ਹੈ ਕਿ ਅਤਿ ਦੀ ਗਰਮੀ ਦੇ ਬਾਵਜੂਦ ਦੋਵੇਂ ਪਲਾਂਟ ਹਾਲੇ ਤਾਈਂ ਬਿਨਾ ਨੁਕਸ ਦੇ ਚੱਲ ਰਹੇ ਹਨ।
ਦੱਸਣਯੋਗ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਤਿੰਨ ਨੰਬਰ ਯੂਨਿਟ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਖ਼ਰਾਬ ਹੈ ਅਤੇ ਇਸ ਦੀ ਇੱਕ ਨੰਬਰ ਯੂਨਿਟ ਵੀ ਭਲਕੇ ਤੋਂ ਬੰਦ ਹੈ। ਇਸ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਥਰਮਲ ਦੀ ਵੀ ਇੱਕ ਉਤਪਾਦ ਯੂਨਿਟ ਕਈ ਦਿਨ ਬੰਦ ਰਹੀ ਸੀ। ਪ੍ਰੰਤੂ ਲਹਿਰਾ ਮੁਹੱਬਤ ਤੇ ਰਾਜਪੁਰਾ ਥਰਮਲ ਬਿਨਾ ਬ੍ਰੇਕ ਤੋਂ ਬਿਜਲੀ ਪੈਦਾਵਾਰ ’ਚ ਜੁੱਟੇ ਹੋਏ ਹਨ। ਲਹਿਰਾ ਮੁਹੱਬਤ ਦੀਆਂ ਦੋ ਯੂਨਿਟਾਂ 210 ਤੇ ਦੋ 250 ਮੈਗਾਵਾਟ ਦੀਆਂ ਹਨ ਅਤੇ ਸਾਰੀਆਂ ਲਗਾਤਾਰ ਹੀ ਪੂਰੀ ਸਮੱਰਥਾ ਨਾਲ ਚੱਲ ਰਹੀਆਂ ਹਨ। ਇਸੇ ਤਰ੍ਹਾਂ ਰਾਜਪੁਰਾ ਥਰਮਲ ਦੀਆਂ ਦੋਵੇਂ ਉਤਪਾਦ ਯੂਨਿਟਾਂ 700-700 ਮੈਗਾਵਾਟ ’ਤੇ ਆਧਾਰਿਤ ਹਨ ਜੋ ਪੂਰੇ ਲੋਡ ਨਾਲ ਸਰਗਰਮ ਹਨ। ਪਾਵਰਕੌਮ ਦੇ ਆਪਣੇ ਨਿੱਜੀ ਅਤੇ ਸਰਕਾਰੀ ਖੇਤਰ ਦੇ ਕਰੀਬ 2500 ਮੈਗਾਵਾਟ ’ਚੋਂ ਅੱਧਾ ਲੋਡ ਲਹਿਰਾ ਮੁਹੱਬਤ ਤੇ ਰਾਜਪੁਰਾ ਥਰਮਲ ਓਟ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਥਰਮਲਾਂ ’ਚੋਂ ਕਿਸੇ ਇਕ ’ਚ ਵੀ ਕੁਝ ਨੁਕਸ ਪੈਂਦਾ ਹੈ ਤਾਂ ਪਾਵਰਕੌਮ ਕੋਲ ਬਿਜਲੀ ਪ੍ਰਬੰਧ ਯੱਕਦਮ ਢਿੱਲੇ ਪੈ ਜਾਣਗੇ। ਪਾਵਰਕੌਮ ਦੇ ਸਾਬਕਾ ਚੇਅਰਮੈਨ ਇੰਜਨੀਅਰ ਬਲਦੇਵ ਸਿੰਘ ਸਰਾਂ ਮੁਤਾਬਕ ਲਹਿਰਾ ਮੁਹੱਬਤ ਪਲਾਂਟ ਹਮੇਸ਼ਾ ਤੋਂ ਹੀ ਮੋਢੀ ਰੋਲ ਅਦਾ ਕਰਦਾ ਰਿਹਾ ਹੈ ਅਤੇ ਇਸ ਪਲਾਂਟ ਨੂੰ ਕਈ ਨਾਮੀ ਪੁਰਸਕਾਰ ਵੀ ਪ੍ਰਾਪਤ ਹੋ ਚੁੱਕੇ ਹਨ। ਪਾਵਰਕੌਮ ਦੇ ਡਾਇਰੈਕਟਰ ‘ਵੰਡ’ ਡੀ ਆਈ ਪੀ ਸਿੰਘ ਗਰੇਵਾਲ ਨੇ ਦੱਸਿਆ ਕਿ ਲੰਘੇ ਕੱਲ ਝੋਨੇ ਦੀ ਸਪਲਾਈ ਅਤਿ ਸਤੁੰਸ਼ਟੀਜਨਕ ਰਹੀ ਅਤੇ ਅੱਜ ਵੀ ਸਮੁੱਚਾ ਬਿਜਲੀ ਲੋਡ ਕੰਟਰੋਲ ’ਚ ਹੈ। ਉਨਾਂ ਮੰਨਿਆ ਕਿ ਲਹਿਰਾ ਮੁਹੱਬਤ ਅਤੇ ਰਾਜਪੁਰਾ ਥਰਮਲ ਤੋਂ ਵੱਡੀ ਮਾਤਰਾ ’ਚ ਨਿਰੰਤਰ ਬਿਜਲੀ ਮੁਹੱਈਆ ਹੋ ਰਹੀ ਹੈ।