ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 26 ਫਰਵਰੀ
ਰੂਸ ਤੇ ਯੂਕਰੇਨ ਵਿਚਾਲੇ ਜੰਗ ਲੱਗਣ ਕਾਰਨ ਉੱਥੇ ਫਸੇ ਵਿਦਿਆਰਥੀਆਂ ਦੇ ਮਾਪੇ ਇਸ ਗੱਲੋਂ ਨਾਖੁਸ਼ ਹਨ ਕਿ ਜਿਹੜੇ ਸਿਆਸੀ ਆਗੂ ਵੋਟਾਂ ਮੰਗਣ ਲਈ ਬੀਤੇ ਐਤਵਾਰ ਤੱਕ ਉਨ੍ਹਾਂ ਦੇ ਘਰਾਂ ਦੇ ਗੇੜੇ ਮਾਰ ਰਹੇ ਸਨ, ਉਹ ਅੱਜ ਮੁਸੀਬਤ ਦੀ ਘੜੀ ਵਿੱਚ ਕਿਧਰੇ ਦਿਖਾਈ ਵੀ ਨਹੀਂ ਦੇ ਰਹੇ। ਨੇੜਲੇ ਪਿੰਡ ਬੁਲਾਰਾ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਡਾਕਟਰੀ ਦੇ ਪੰਜਵੇਂ ਸਾਲ ’ਚ ਪੜ੍ਹਦਾ ਉਨ੍ਹਾਂ ਦਾ ਪੁੱਤਰ ਸਿਮਰਨਪ੍ਰੀਤ ਸਿੰਘ ਉਥੇ ਲਗਪਗ ਚਾਰ ਸੌ ਵਿਦਿਆਰਥੀਆਂ ਸਣੇ ਫਸਿਆ ਹੋਇਆ ਹੈ ਪਰ ਕਿਸੇ ਵੀ ਸਿਆਸੀ ਆਗੂ ਜਾਂ ਮੰਤਰੀ ਨੇ ਹੁਣ ਤੱਕ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਜਦੋਂ ਪ੍ਰੇਸ਼ਾਨ ਮਾਪਿਆਂ ਨੇ ਲੁਧਿਆਣਾ ਦੇ ਇੱਕ ਵਿਧਾਇਕ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਹਿ ਕੇ ਕੇਂਦਰ ਸਰਕਾਰ ਦੇ ਸਬੰਧਤ ਅਧਿਕਾਰੀਆਂ ’ਤੇ ਵਿਦਿਆਰਥੀਆਂ ਦੀ ਮਦਦ ਲਈ ਜ਼ੋਰ ਪਵਾਉਣ ਲਈ ਕਿਹਾ ਤਾਂ ਉਕਤ ਵਿਧਾਇਕ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਇਸ ਸਬੰਧ ਵਿੱਚ ਕੁਝ ਨਹੀਂ ਕਰ ਸਕਦੇ। ਹੁਣ ਪਰਿਵਾਰ ਨੇ ਖ਼ੁਦ ਮੁੱਖ ਮੰਤਰੀ ਨੂੰ ਮਿਲਣ ਦਾ ਫੈ਼ਸਲਾ ਕੀਤਾ ਹੈ।
ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਿਆ
ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਯੂਕਰੇਨ ਦੇ ਖਾਰਕੀਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਪਿੰਡ ਮਲਸੀਆਂ ਕਲਾਂ ਦੇ ਨੌਜਵਾਨ ਲਵਇੰਦਰਪ੍ਰੀਤ ਸਿੰਘ ਨੇ ਅੱਜ ਫੋਨ ’ਤੇ ਦੱਸਿਆ ਕਿ ਉਹ ਆਪਣੇ ਚਾਰ ਹੋਰ ਸਾਥੀਆਂ ਨਾਲ ਇੱਕ ਫਲੈਟ ਵਿੱਚ ਰਹਿ ਰਹੇ ਸਨ ਪਰ ਬੀਤੇ ਤਿੰਨ ਦਿਨਾਂ ਤੋਂ ਆਪਣੇ ਫਲੈਟ ਦੀ ਬੇਸਮੈਂਟ ਵਿੱਚ ਲੁਕੇ ਬੈਠੇ ਹਨ। ਨੌਜਵਾਨ ਨੇ ਦੱਸਿਆ ਕਿ ਉਸ ਦੀ ਪੜ੍ਹਾਈ ਖ਼ਤਮ ਹੋਣ ਵਾਲੀ ਸੀ ਪਰ ਜੰਗ ਕਾਰਨ ਭਵਿੱਖ ਦਾਅ ’ਤੇ ਲੱਗ ਗਿਆ ਹੈ। ਲਵਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਉਸ ਦੇ ਪਿੰਡ ਮਲਸੀਆਂ ਕਲਾਂ ਦਾ ਹੀ ਨੌਜਵਾਨ ਲਵਪ੍ਰੀਤ ਸਿੰਘ ਅਤੇ ਨਜ਼ਦੀਕੀ ਪਿੰਡ ਮਹਿਰਾਣਾ ਤੇ ਗੁਰਦਾਸਪੁਰ ਸ਼ਹਿਰ ਦਾ ਇੱਕ ਨੌਜਵਾਨ ਵੀ ਹੈ।