ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਅਗਸਤ
ਭਾਜਪਾ ਵੱਲੋਂ ਪਾਰਟੀ ’ਚ ਸ਼ਾਮਲ ਹੋ ਰਹੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮੌਕਾ ਦਿੱਤਾ ਜਾ ਸਕਦਾ ਹੈ। ਇਹ ਸੰਕੇਤ ਅੱਜ ਮੁਹਾਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਗੱਲਬਾਤ ਦੌਰਾਨ ਦਿੱਤੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਵਿੱਚ ਨਤਮਸਤਕ ਹੋਏ ਅਤੇ ਉੱਥੇ ਕਾਫ਼ੀ ਸਮਾਂ ਬੈਠ ਕੇ ਸ਼ਬਦ ਕੀਰਤਨ ਸੁਣਿਆ। ਐੱਸਜੀਪੀਸੀ ਵੱਲੋਂ ਮੈਨੇਜਰ ਭਾਈ ਰਾਜਿੰਦਰ ਸਿੰਘ ਟੌਹੜਾ ਨੇ ਸਿਰੋਪਾ ਦੇ ਕੇ ਕੇਂਦਰੀ ਮੰਤਰੀ ਦਾ ਸਨਮਾਨ ਕੀਤਾ। ਹਜ਼ੂਰੀ ਰਾਗੀ ਭਾਈ ਸੁਰਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ।
ਮੀਡੀਆ ਨਾਲ ਗੱਲਬਾਤ ਤੋਂ ਬਾਅਦ ਵਾਪਸ ਜਾਣ ਸਮੇਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਜੋੜਾ ਘਰ ਵੱਲ ਜਾ ਰਹੇ ਸਨ ਜਦੋਂ ਉਨ੍ਹਾਂ ਇਸ ਪੱਤਰਕਾਰ ਨਾਲ ਚੋਣਾਂ ਸਬੰਧੀ ਗੱਲ ਕੀਤੀ। ਆਗਾਮੀ ਲੋਕ ਸਭਾ ਚੋਣਾਂ ਬਾਰੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਟਿਕਟ ਦੇਣ ਜਾਂ ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਪੁੱਛੇ ਜਾਣ ’ਤੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ ਕਿਉਂਕਿ ਹੁਣ ਉਹ ਵੀ ਭਾਜਪਾ ਪਰਿਵਾਰ ਦਾ ਅਹਿਮ ਹਿੱਸਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਪ੍ਰਧਾਨ ਮੰਤਰੀ ਦੀਆਂ ਲੋਕ ਪੱਖੀ ਤੇ ਦੂਰਅੰਦੇਸ਼ੀ ਨੀਤੀਆਂ ਕਾਰਨ ਵਿਰੋਧੀ ਧਿਰ ਦੇ ਵੱਡੇ ਆਗੂ ਤੇ ਆਮ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਪੰਜਾਬ ਭਾਜਪਾ ਦੀ ਲੀਡਰਸ਼ਿਪ ਵਿੱਚ ਬਦਲਾਅ ਸਬੰਧੀ ਚੱਲ ਰਹੀ ਚਰਚਾ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਭਾਜਪਾ ਵਿੱਚ ਤੁਰੰਤ ਬਦਲਾਅ ਲਿਆਉਣ ਦਾ ਫਿਲਹਾਲ ਕੋਈ ਵਿਚਾਰ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਜਥੇਬੰਦਕ ਢਾਂਚੇ ਵਿੱਚ ਬਦਲਾਅ ਦੀ ਪ੍ਰਕਿਰਿਆ ਪਾਰਟੀ ਦੀ ਪੁਰਾਣੀ ਪਰੰਪਰਾ ਹੈ। ਪੰਜਾਬ ਵਿੱਚ ਭਾਜਪਾ ਆਗੂਆਂ ਦੇ ਗੇੜੇ ਮਾਰਨ ਤੇ ਗੁਰਦੁਆਰਾ ਸਾਹਿਬ ਆਉਣ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਸਰਬੱਤ ਦਾ ਭਲਾ ਮੰਗਣ ਲਈ ਉਹ ਅੱਜ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਆਪਣੇ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਲਈ ਸ਼ਹਿਰਾਂ ਤੇ ਪਿੰਡਾਂ ਵਿੱਚ ਨਿਰੰਤਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਅਗਾਮੀ ਲੋਕ ਸਭਾ ਚੋਣਾਂ ’ਚ ਪੰਜਾਬ ਵਿਚ ਕਮਲ ਖਿੜੇਗਾ: ਸ਼ੇਖਾਵਤ
ਖਰੜ (ਸ਼ਸ਼ੀਪਾਲ ਜੈਨ): ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਦਾਅਵਾ ਕੀਤਾ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਅਤੇ ਸਾਲ 2027 ਦੀਆਂ ਅਸੈਂਬਲੀ ਚੋਣਾਂ ਵਿੱਚ ਪੰਜਾਬ ਵਿਚ ‘ਕਮਲ’ ਖਿੜੇਗਾ ਅਤੇ ਭਾਜਪਾ ਵੱਡੀ ਜਿੱਤ ਦਰਜ ਕਰੇਗੀ। ਕੇਂਦਰੀ ਮੰਤਰੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਆਪਣੀ ਦੋ ਰੋਜ਼ਾ ਫੇਰੀ ਦੌਰਾਨ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਸ਼ੇਖਾਵਤ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ ਸਾਢੇ ਚਾਰ ਸਾਲ ਇੱਕ ਸਾਰਥਕ ਵਿਰੋਧੀ ਪਾਰਟੀ ਵਜੋਂ ਕੰਮ ਕਰੇਗੀ ਅਤੇ ਲੋਕਾਂ ਦਾ ਵਿਸ਼ਵਾਸ ਜਿੱਤੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਾਅਦਿਆਂ, ਵਿਸ਼ੇਸ਼ ਕਰ ਬਿਜਲੀ ਸਬੰਧੀ ਅਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ, ਨੂੰ ਪੂਰਾ ਨਾ ਕੀਤੇ ਜਾਣ ਕਰਕੇ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਲੀਡਰਾਂ ਲਈ ਸੰਕਟ ਦਾ ਦੌਰ ਖੜ੍ਹਾ ਹੋ ਗਿਆ ਹੈ। ਪਾਰਟੀ ਦਾ ਭਵਿੱਖ ਖਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੀ ਚੋਣ ਵਿਚ ਲੋਕਾਂ ਨੇ ਰੱਦ ਕਰ ਦਿੱਤਾ ਹੈ ਅਤੇ ਉਸ ਦੇ ਆਗੂਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਇੱਕ ਹੀ ਪਾਰਟੀ ਭਾਰਤੀ ਜਨਤਾ ਪਾਰਟੀ ਬਚੀ ਹੈ, ਜਿੱਥੇ ਅਣਗਿਣਤ ਸੰਭਾਵਨਾਵਾਂ ਹਨ, ਇਸ ਲਈ ਭਾਜਪਾ ਦੀ ਜਿੱਤ ਯਕੀਨੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਨੂੰਨ ਤੋਂ ਉਪਰ ਕੋਈ ਨਹੀਂ ਹੈ ਅਤੇ ਅੰਤ ਵਿਚ ਉਨ੍ਹਾਂ ਨੂੰ ਕਾਨੂੰਨ ਅੱਗੇ ਪੇਸ਼ ਹੋਣਾ ਪਵੇਗਾ।