ਮਿਹਰ ਸਿੰਘ
ਕੁਰਾਲੀ, 17 ਜੁਲਾਈ
ਨਾਜਾਇਜ਼ ਕਲੋਨੀ ਖ਼ਿਲਾਫ਼ ਸ਼ਿਕਾਇਤ ਕਰਨ ਵਾਲੇ ਜਲੰਧਰ ਦੇ ਇੱਕ ਆਰਟੀਆਈ ਕਾਰਕੁਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦੇ ਮਾਮਲੇ ਵਿੱਚ ਇੱਥੋਂ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਆਦਰਸ਼ ਨਗਰ ਜਲੰਧਰ ਦਾ ਵਸਨੀਕ ਸਿਮਰਨਜੀਤ ਸਿੰਘ ਚੰਡੀਗੜ੍ਹ ਤੋਂ ਜਲੰਧਰ ਪਰਤ ਰਿਹਾ ਸੀ। ਇਸ ਦੌਰਾਨ ਉਸ ਨੂੰ ਕੁਰਾਲੀ-ਸੀਸਵਾਂ ਸੜਕ ਉੱਤੇ ਪਿੰਡ ਬੜੌਦੀ ਦੇ ਟੌਲ ਪਲਾਜ਼ਾ ’ਤੇ ਇਕ ਧਮਕੀ ਭਰਿਆ ਫੋਨ ਆਇਆ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਵਿਦੇਸ਼ ਦੇ ਨੰਬਰ ਤੋਂ ਫੋਨ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਅਨਮੋਲ ਦੱਸਿਆ। ਉਸ ਨੇ ਕਿਹਾ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਕਾ ਭਰਾ ਹੈ। ਫੋਨ ਕਰਨ ਵਾਲੇ ਨੇ ਆਰਟੀਆਈ ਕਾਰਕੁਨ ਨੂੰ ਕਿਹਾ ਕਿ ਉਹ ਜਲੰਧਰ ਦੀ 66 ਫੁੱਟੀ ਸੜਕ ’ਤੇ ਬਣ ਰਹੀ ਨਾਜਾਇਜ਼ ਕਲੋਨੀ ਸਬੰਧੀ ਕੀਤੀ ਆਪਣੀ ਸ਼ਿਕਾਇਤ ਵਾਪਸ ਲੈ ਲਵੇ ਅਤੇ 66 ਫੁੱਟੀ ਸੜਕ ’ਤੇ ਇਮਾਰਤ ਦੇ ਲਏ ਬਿਆਨੇ ਨੂੰ ਵੀ ਭੁੱਲ ਜਾਵੇ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਦੋਵੇਂ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਫੋਨ ਕਰਨ ਵਾਲੇ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸਿਮਰਨਜੀਤ ਨੇ ਧਮਕੀ ਵਾਲੇ ਫੋਨ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕੁਰਾਲੀ ਦੇ ਥਾਣਾ ਸਦਰ ਪੁੱਜ ਕੇ ਮਾਮਲੇ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ। ਪੁਲੀਸ ਨੇ ਆਵਾਜ਼ ਦੀ ਸ਼ਨਾਖ਼ਤ ਕਰਨ ਲਈ ਕਾਲ ਰਿਕਾਰਡਿੰਗ ਜਾਂਚ ਲਈ ਭੇਜ ਦਿੱਤੀ ਹੈ। ਇਸੇ ਤੋਂ ਬਾਅਦ ਸਥਾਨਕ ਪੁਲੀਸ ਦੀ ਸੁਰੱਖਿਆ ਹੇਠ ਸ਼ਿਕਾਇਤਕਰਤਾ ਨੂੰ ਕੁਰਾਲੀ ਤੋਂ ਜਲੰਧਰ ਭੇਜਿਆ ਗਿਆ। ਉਧਰ, ਸਿਮਰਨਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ।