ਮੁੱਖ ਅੰਸ਼
- ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨਾਲ ਮੀਟਿੰਗ
- ਨਸ਼ਾ ਰੋਕਣ ਲਈ ਅੰਤਰਰਾਜੀ ਸਰਹੱਦਾਂ ਸੀਲ ਕਰਨ ਦੀ ਹਦਾਇਤ
ਚਰਨਜੀਤ ਭੁੱਲਰ
ਚੰਡੀਗੜ੍ਹ, 31 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਨਵੰਬਰ ਤੋਂ ‘ਮਿਸ਼ਨ ਕਲੀਨ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਪੰਜਾਬ ’ਚੋਂ ਮਾਫੀਆ ਰਾਜ ਦਾ ਖਾਤਮਾ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਅੱਜ ਇੱਥੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਹਦਾਇਤਾਂ ਜਾਰੀ ਕਰ ਕੇ ਨਾਜਾਇਜ਼ ਸ਼ਰਾਬ, ਨਸ਼ੇ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਕਿਹਾ| ਮੁੱਖ ਮੰਤਰੀ ਨੇ ਭਲਕੇ ‘ਪੰਜਾਬ ਦਿਵਸ’ ਮੌਕੇ ਰਾਜ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਫੈਸਲਾ ਲਿਆ ਹੈ| ਉਨ੍ਹਾਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ। ਮੁੱਖ ਮੰਤਰੀ ਨੇ 18 ਨੁਕਾਤੀ ਏਜੰਡੇ ਦੀ ਪੂਰਤੀ ਹਿੱਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਅੰਤਰਰਾਜੀ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇ ਅਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ| ਉਨ੍ਹਾਂ ਪੁਲੀਸ ਥਾਣਿਆਂ ਅਤੇ ਤਹਿਸੀਲਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀ ਨੂੰ ਇਹ ਯਕੀਨੀ ਬਣਾਉਣ ਲਈ ਕਿਆ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਜਾਂ ਪ੍ਰੇਸ਼ਾਨੀ ਨਾ ਹੋਵੇ| ਮੁੱਖ ਮੰਤਰੀ ਨੇ ਨਸ਼ਾ ਤਸਕਰੀ ਰੋਕਣ ਲਈ ਪੁਲੀਸ ਅਧਿਕਾਰੀਆਂ ਨੂੰ ‘ਕਾਂ ਟੰਗਣ’ ਦੀ ਹਦਾਇਤ ਕੀਤੀ| ਸ੍ਰੀ ਚੰਨੀ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਵੇਚਣ ਵਾਲੇ ਤੇ ਹੋਰ ਦੁਕਾਨਦਾਰਾਂ ਨੂੰ ਪੁਲੀਸ ਤੰਗ- ਪ੍ਰੇਸ਼ਾਨ ਨਾ ਕਰੇ| ਉਨ੍ਹਾਂ ਪੁਲੀਸ ਨੂੰ ‘ਮਹੀਨਾ’ ਬੰਦ ਕਰਨ ਵਾਸਤੇ ਵੀ ਆਖਿਆ ਹੈ| ਉਨ੍ਹਾਂ ਕਿਹਾ ਕਿ ਰੇਤੇ ਦੇ ਰੇਟ 100 ਰੁਪਏ ਤੈਅ ਕੀਤੇ ਗਏ ਹਨ ਅਤੇ ਇਸ ਭਾਅ ’ਤੇ ਰੇਤਾ ਵਿਕਣਾ ਅਧਿਕਾਰੀ ਯਕੀਨੀ ਬਣਾਉਣ|
ਮੁੱਖ ਮੰਤਰੀ ਨੇ ਅੱਜ ਇਸ ਮੌਕੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਅਤੇ ਹੋਰਨਾਂ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ| ਉਨ੍ਹਾਂ ਵਿਜੀਲੈਂਸ ਬਿਊਰੋ ਨੂੰ ਹਦਾਇਤ ਕੀਤੀ ਕਿ ‘ਮਿਸ਼ਨ ਕਲੀਨ’ ਭਲਕ ਤੋਂ ਸ਼ੁਰੂ ਕੀਤਾ ਜਾਵੇ| ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਰਹੱਦ ਪਾਰ ਤੋਂ ਪੈਦਾ ਹੋਣ ਵਾਲੇ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਚੌਕਸੀ ਵਧਾਈ ਜਾਵੇ| ਉਨ੍ਹਾਂ ਕਿਹਾ ਕਿ ਥਾਣਿਆਂ ਅੰਦਰ ਪੁਲੀਸ ਅਧਿਕਾਰੀ ਮੌਜੂਦ ਰਹਿਣੇ ਚਾਹੀਦੇ ਹਨ| ਅੱਜ ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਪ੍ਰਮੁੱਖ ਸਕੱਤਰ (ਗ੍ਰਹਿ) ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਖਣਨ ਵਿਭਾਗ ਦੇ ਡਾਇਰੈਕਟਰ ਰਾਹੁਲ ਭੰਡਾਰੀ ਵੀ ਹਾਜ਼ਰ ਸਨ|