ਪੱਤਰ ਪ੍ਰੇਰਕ
ਤਰਨ ਤਾਰਨ, 12 ਅਕਤੂਬਰ
ਇਲਾਕੇ ਦੇ ਪਿੰਡ ਅਲਾਦੀਨਪੁਰ ਵਿੱਚ ਕਾਰੋਬਾਰੀ ਗੁਰਜੰਟ ਸਿੰਘ ਦੀ ਕੱਲ੍ਹ ਹੋਈ ਹੱਤਿਆ ਦੀ ਜ਼ਿੰਮੇਵਾਰੀ ਕੈਨੇਡਾ ਰਹਿੰਦੇ ਲਖਬੀਰ ਸਿੰਘ ਲੰਡਾ ਨੇ ਲਈ ਹੈ| ਉਸ ਨੇ ਸੋਸ਼ਲ ਮੀਡੀਆ ’ਤੇ ਗੁਰਜੰਟ ਸਿੰਘ ’ਤੇ ਆਪਣੇ ਚਚੇਰੇ ਭਰਾ ਅਰਸ਼ਦੀਪ ਸਿੰਘ ਦੀ ਜ਼ਿੰਦਗੀ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ| ਅਰਸ਼ਦੀਪ ਸਿੰਘ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਲਗਪਗ ਦੋ ਹਫ਼ਤੇ ਪਹਿਲਾਂ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ| ਲੰਡਾ ਨੇ ਵਾਇਰਲ ਪੋਸਟ ਵਿੱਚ ਕਿਹਾ ਕਿ ਗੁਰਜੰਟ ਸਿੰਘ ਨੇ ਆਪਣੇ ਚਚੇਰੇ ਭਰਾ ਅਰਸ਼ਦੀਪ ਸਿੰਘ ਨੂੰ ਇਸੇ ਕਰਕੇ ਫਸਾਇਆ ਕਿਉਂਕਿ ਉਸ ਨੂੰ ਪੰਜਾਬ ਪੁਲੀਸ ਵਿੱਚ ਤਰਸ ਦੇ ਆਧਾਰ ’ਤੇ ਨੌਕਰੀ ਮਿਲ ਰਹੀ ਸੀ| ਲਖਬੀਰ ਲੰਡਾ ਨੇ ਪੁਲੀਸ ਵੱਲੋਂ ਉਸਦੇ ਗੈਂਗ ਦੇ 40 ਦੇ ਕਰੀਬ ਸਹਿਯੋਗੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਖ਼ਿਲਾਫ਼ ਵੀ ਚਿਤਾਵਨੀ ਦਿੱਤੀ ਹੈ।