ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਫ਼ਰਵਰੀ
ਸਾਬਕਾ ਆਈਜੀ ਅਤੇ ‘ਆਪ’ ਦੇ ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਮੌਜੂਦਾ ਵਿਧਾਇਕ ’ਤੇ ਲਗਪਗ 15 ਹਜ਼ਾਰ ਜਾਅਲੀ ਵੋਟਾਂ ਬਣੇ ਹੋਣ ਦਾ ਦੋਸ਼ ਲਾਇਆ ਹੈ। ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਮੌਜੂਦਾ ਵਿਧਾਇਕ ਸੁਨੀਲ ਦੱਤੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਾਬਕਾ ਆਈਜੀ ਨੇ ਦੋਸ਼ ਲਾਇਆ ਹੈ ਕਿ ਇਸ ਹਲਕੇ ਵਿੱਚ ਕਈ ਵਿਅਕਤੀਆਂ ਦੀਆਂ ਦੋਹਰੀਆਂ ਵੋਟਾਂ ਬਣੀਆਂ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਵਿਅਕਤੀ ਹਲਕਾ ਵਿਧਾਇਕ ਦੇ ਨਜ਼ਦੀਕੀ ਜਾਂ ਰਿਸ਼ਤੇਦਾਰ ਹੋ ਸਕਦੇ ਹਨ। ਉਨ੍ਹਾਂ ਇਹ ਵੀ ਦਾਆਵਾ ਕੀਤਾ ਕਿ ਲਗਪਗ 15 ਹਜ਼ਾਰ ਜਾਅਲੀ ਵੋਟਾਂ ਹਲਕੇ ਵਿੱਚ ਸਾਹਮਣੇ ਆਈਆਂ ਹਨ ਤੇ ਜਾਅਲੀ ਵੋਟਾਂ ਦੀ ਗਿਣਤੀ ਇਸ ਤੋਂ ਵੱਧ ਵੀ ਹੋ ਸਕਦੀ ਹੈ।