ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 15 ਨਵੰਬਰ
ਕੋਟਕਪੂਰਾ ’ਚ ਮੰਦਬੁੱਧੀ ਲੜਕੀ ਨਾਲ ਹੋਏ ਜਬਰ-ਜਨਾਹ ਮਾਮਲੇ ’ਚ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਕੇਸ ’ਚ ਪ੍ਰਮੁੱਖ ਮੁਲਜ਼ਮ ਸੁਮਿਤ ਕੁਮਾਰ ਮੰਗਲਾ ਦੀ ਪਤਨੀ ਨਿਧੀ ਮੰਗਲਾ ਤੇ ਉਸ ਦੀ ਮਾਂ ਨੂੰ ਨਾਜ਼ਮਦ ਕੀਤਾ ਹੈ। ਕੇਸ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੈਂਬਰ ਥਾਣੇਦਾਰ ਨਿਰਮਲ ਸਿੰਘ ਦੇ ਬਿਆਨ ’ਤੇ ਕੋਟਕਪੂਰਾ ਪੁਲੀਸ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਕੇਸ ’ਚ ਨਾਮਜ਼ਦ ਕੀਤਾ ਹੈ। ਦਰਜ ਐੱਫਆਈਆਰ ਮੁਤਾਬਕ ਮੁਲਜ਼ਮ ਸੁਮਿਤ ਮੰਗਲਾ ਨੇ ਆਪਣੀ ਮਾਂ ਅਤੇ ਪਤਨੀ ਦੀ ਮੌਜੂਦਗੀ ਵਿਚ ਪੀੜਤ ਨਾਲ ਜਬਰ ਜਨਾਹ ਕੀਤਾ ਤੇ ਮਗਰੋਂ ਇਨ੍ਹਾਂ ਦੋਵਾਂ ਔਰਤਾਂ ਨੇ ਪੀੜਤ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਡਰਾਇਆ-ਧਮਕਾਇਆ। ਪੀੜਤ ਪਰਿਵਾਰ ਨੇ ਪੁਲੀਸ ਦੀ ਇਸ ਕਾਰਵਾਈ ’ਤੇ ਤਸੱਲੀ ਜ਼ਾਹਿਰ ਕਰਦਿਆਂ ਇਨਸਾਫ਼ ਮਿਲਣ ਦੀ ਆਸ ਜਤਾਈ ਹੈ।