ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 23 ਅਪਰੈਲ
ਇੱਥੋਂ ਦੇ ਅਮਨ ਨਗਰ ਦੇ ਗੁਰਦੁਆਰਾ ਸੰਤਸਰ ਸਾਹਿਬ ਵਿੱਚ ਬੇਅਦਬੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਰਣਜੀਤ ਸਿੰਘ ਉਰਫ ਪੱਪੂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਗੁਰਦੁਆਰੇ ਵਿੱਚ ਪਏ ‘ਖੰਡੇ’ ਨੂੰ ਨੁਕਸਾਨ ਪਹੁੰਚਾਇਆ ਹੈ। ਘਟਨਾ ਦੇ ਚਸ਼ਮਦੀਦਾਂ ਮੁਤਾਬਕ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਤੇ ਉਹ ਗੁਰਦੁਆਰੇ ’ਚ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਆਇਆ ਸੀ। ਜਦੋਂ ਉਸ ਨੂੰ ਕੁੱਝ ਨਾ ਮਿਲਿਆ ਤਾਂ ਉਸ ਨੇ ਖੰਡਾ ਚੁੱਕ ਲਿਆ। ਖੰਡਾ ਚਾਂਦੀ ਦਾ ਸਮਝ ਕੇ ਉਸ ਨੇ ਇਸ ਨੂੰ ਤੋੜ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਫੜਿਆ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।