ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 8 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਮਾਰਕੀਟ ਕਮੇਟੀ ਸਰਹਿੰਦ ਦੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਮੱਖਣ ਦੇ ਗ੍ਰਹਿ ਪਿੰਡ ਤਰਖਾਣ ਮਾਜਰਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ। ਉਨ੍ਹਾਂ ਹਲਕਾ ਫਤਹਿਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ ਨੂੰ ਉਮੀਦਵਾਰ ਐਲਾਨ ਕੇ ਇਸ ਦੀ ਸ਼ੁਰੂਆਤ ਕੀਤੀ।
ਸ੍ਰੀ ਚੜੂਨੀ ਨੇ ਕਿਹਾ ਕਿ ਪੂੰਜੀਪਤੀ ਘਰਾਣਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਚੋਣਾਂ ਲੜਨੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ’ਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਇੱਥੋਂ ਚੋਣਾਂ ਲੜਨ ਦੀ ਸ਼ੁਰੂਆਤ ਕੀਤੀ ਗਈ ਹੈ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਖ਼ਤਮ ਕਰਕੇ ਸਾਫ਼-ਸੁਥਰਾ ਰਾਜ ਭਾਗ ਲਿਆਉਣ ਲਈ ਯੂਨੀਅਨ ਵੱਲੋਂ ਐਲਾਨੇ ਗਏ ਉਮੀਦਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਾਕੀ ਹਲਕਿਆਂ ਵਿੱਚ ਵੀ ਸਾਫ਼-ਸੁਥਰੇ ਅਕਸ ਵਾਲੇ ਆਗੂਆਂ ਨੂੰ ਜਲਦੀ ਉਮੀਦਵਾਰ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਮਸਲਿਆਂ ਸਬੰਧੀ ਕੇਂਦਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ ਤੇ ਕਿਸਾਨਾਂ ਦੀ ਸਰਕਾਰ ਬਣਨ ਨਾਲ ਕੇਂਦਰ ਖ਼ਿਲਾਫ਼ ਸੰਘਰਸ਼ ਨੂੰ ਮਜ਼ਬੂਤੀ ਮਿਲੇਗੀ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੁਲਵੰਤ ਸਿੰਘ ਰੋਹਟਾ ਨੇ ਨਿਭਾਈ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਕਿਸਾਨ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਯੂਨੀਅਨ ਦੇ ਅਹੁਦੇਦਾਰ ਐਲਾਨੇ
ਗੁਰਨਾਮ ਸਿੰਘ ਚੜੂਨੀ ਨੇ ਯੂਨੀਅਨ ਦੇ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ, ਜਿਨ੍ਹਾਂ ਵਿੱਚ ਹਰਿੰਦਰ ਸਿੰਘ ਭੰਗੂ ਮੰਡੌੜ ਨੂੰ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਸ਼ੇਖੂਪੁਰਾ ਤੇ ਗੁਰਪ੍ਰੀਤ ਸਿੰਘ ਸੋਨੀ ਮਲਕੋ ਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਪਤਾਰਸੀ ਨੂੰ ਬਲਾਕ ਪ੍ਰਧਾਨ ਖੇੜਾ, ਗੁਰਪ੍ਰੀਤ ਸਿੰਘ ਜਾਗੋ ਨੂੰ ਬਲਾਕ ਪ੍ਰਧਾਨ ਸਰਹਿੰਦ, ਜਸਵੀਰ ਸਿੰਘ ਸੌਂਟੀ ਨੂੰ ਬਲਾਕ ਪ੍ਰਧਾਨ ਅਮਲੋਹ, ਸੁਲੱਖਣ ਸਿੰਘ ਤਰਖਾਣ ਮਾਜਰਾ ਨੂੰ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ, ਹਰਪ੍ਰੀਤ ਸਿੰਘ ਡੰਘੇੜੀਆਂ ਨੂੰ ਬਲਾਕ ਪ੍ਰਧਾਨ ਐੱਸਸੀ ਵਿੰਗ ਖੇੜਾ, ਸੋਹਣ ਸਿੰਘ ਸੋਨੀ ਭਮਾਰਸੀ ਬੁਲੰਦ ਨੂੰ ਬਲਾਕ ਪ੍ਰਧਾਨ ਐੱਸਸੀ ਵਿੰਗ ਸਰਹਿੰਦ ਅਤੇ ਕੁਲਵਿੰਦਰ ਸਿੰਘ ਕਿੰਦਾ ਖਰੌੜਾ ਨੂੰ ਬੀਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਐਲਾਨਿਆ।