ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਪਰੈਲ
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਜਪੋਸ਼ੀ ਲਈ ਭਲਕੇ ਸ਼ੁੱਕਰਵਾਰ ਨੂੰ ਸਮਾਗਮ ਹੋ ਰਹੇ ਹਨ ਤੇ ਇਸ ਮੌਕੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਵੀ ਅਹੁਦਾ ਸੰਭਾਲਣਗੇ।
ਇਨ੍ਹਾਂ ਸਮਾਰੋਹਾਂ ਨੂੰ ਸਾਦਾ ਰੱਖਿਆ ਗਿਆ ਹੈ ਕਿਉਂਕਿ ਪੰਜਾਬ ਵਿੱਚ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਇਨ੍ਹਾਂ ਸਮਾਰੋਹਾਂ ਵਿੱਚ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸ਼ਮੂਲੀਅਤ ਸਬੰਧੀ ਪੂਰਾ ਦਿਨ ਅਟਕਲਾਂ ਦਾ ਦੌਰ ਚੱਲਦਾ ਰਿਹਾ। ਪਤਾ ਲੱਗਿਆ ਹੈ ਕਿ ਅੱਜ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਨੂੰ ਫੋਨ ਕਰਕੇ ਉਚੇਚੇ ਤੌਰ ’ਤੇ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਮਗਰੋਂ ਇਸ ਮਾਮਲੇ ’ਤੇ ਟਾਲਾ ਵੱਟ ਲਿਆ ਪਰ ਸੂਤਰ ਦੱਸਦੇ ਹਨ ਕਿ ਭਲਕੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਗਮਾਂ ਵਿੱਚ ਨਵਜੋਤ ਸਿੱਧੂ ਸ਼ਾਮਲ ਹੋਣਗੇ। ਚੇਤੇ ਰਹੇ ਕਿ ਜਦੋਂ ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਬਣੇ ਸਨ ਤਾਂ ਰਾਜਾ ਵੜਿੰਗ ਉਨ੍ਹਾਂ ਦਾ ਪਰਛਾਵਾਂ ਬਣ ਕੇ ਨਾਲ ਚੱਲੇ ਸਨ। ਪਿਛਲੇ ਦਿਨਾਂ ਵਿੱਚ ਤਾਂ ਨਵਜੋਤ ਸਿੱਧੂ ਨੇ ਰਾਜਾ ਵੜਿੰਗ ਦਾ ਫੋਨ ਵੀ ਨਹੀਂ ਚੁੱਕਿਆ ਸੀ। ਪਤਾ ਲੱਗਿਆ ਹੈ ਕਿ ਅੱਜ ਸਿੱਧੂ ਨੇ ਵੜਿੰਗ ਦਾ ਫੋਨ ਚੁੱਕਿਆ ਹੈ ਅਤੇ ਸਮਾਰੋਹਾਂ ਵਿੱਚ ਆਉਣ ਲਈ ਹਾਮੀ ਭਰੀ ਹੈ।
ਅਲਕਾ ਲਾਂਬਾ ਨਾਲ ਥਾਣੇ ਜਾਣਗੇ ਵੱਡੀ ਗਿਣਤੀ ਕਾਂਗਰਸੀ ਆਗੂ
ਰੂਪਨਗਰ (ਪੱਤਰ ਪ੍ਰੇਰਕ): ਥਾਣਾ ਸਦਰ ਰੂਪਨਗਰ ਵਿੱਚ ਦਰਜ ਕੀਤੇ ਇਕ ਕੇਸ ਵਿੱਚ ਨਾਮਜ਼ਦ ਕੀਤੀ ਗਈ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਅੱਜ ਸਵੇਰੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਤੇ ਸੁਖਜਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਫੋਨ ਕਰਕੇ ਪੰਜਾਬ ਪੁਲੀਸ ਦੁਆਰਾ ਦਰਜ ਕੀਤੇ ਕੇਸ ਵਿਰੁੱਧ 26 ਅਪਰੈਲ ਨੂੰ ਉਨ੍ਹਾਂ ਨਾਲ ਸਦਰ ਥਾਣੇ ਜਾਣ ਦੀ ਗੱਲ ਕਹੀ ਹੈ।