ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਨਵੰਬਰ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਵਿਖੇ ਇਕ ਮਾਡਲ ਕੁੜੀ ਵੱਲੋਂ ਗੁਰਦੁਆਰੇ ਦੇ ਕੈਂਪਸ ਵਿੱਚ ਨੰਗੇ ਸਿਰ ਮਾਡਲਿੰਗ ਅਤੇ ਫੋਟੋਗਰਾਫੀ ਕਰਨ ਦੇ ਮਾਮਲੇ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਮਾਡਲ ਕੁੜੀ ਅਤੇ ਸਬੰਧਤ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।
ਬੀਤੇ ਦਿਨ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਗੁਰਦੁਆਰੇ ਦੇ ਕੈਂਪਸ ਵਿੱਚ ਇਹ ਮਾਡਲ ਕੁੜੀ ਨੂੰ ਮਾਡਲਿੰਗ ਕਰਦਿਆਂ ਸੋਸ਼ਲ ਮੀਡੀਆ ’ਤੇ ਦਿਖਾਇਆ ਗਿਆ ਸੀ। ਇਸ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕਰਕੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਦੀ ਮੰਗ ਕੀਤੀ ਸੀ। ਸੋਸ਼ਲ ਮੀਡੀਆ ’ਤੇ ਇਸ ਦੀ ਆਲੋਚਨਾ ਹੋਣ ਮਗਰੋਂ ਸਬੰਧਤ ਕੰਪਨੀ ਨੇ ਸੋਸ਼ਲ ਮੀਡੀਆ ’ਤੇ ਹੀ ਮੁਆਫ਼ੀ ਮੰਗੀ ਸੀ।
ਅੱਜ ਪੀਐੱਸਜੀਪੀਸੀ ਦੇ ਪ੍ਰਧਾਨ ਆਮਿਰ ਸਿੰਘ ਨੇ ਦੱਸਿਆ ਕਿ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਅਹਿਮਦ ਖਾਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਲਹਿੰਦੇ ਪੰਜਾਬ ਦੀ ਪੁਲੀਸ ਦੇ ਆਈਜੀ ਨੇ ਕਾਰਵਾਈ ਆਰੰਭ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੀਐੱਸਜੀਪੀਸੀ ਵੱਲੋਂ ਮਾਡਲ ਕੁੜੀ ਅਤੇ ਸਬੰਧਤ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਗੁਰਦੁਆਰੇ ਦੀ ਰਹਿਤ-ਮਰਿਆਦਾ ਸਬੰਧੀ ਜਾਣਕਾਰੀ ਦੇਣ ਲਈ ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਗੁਰਦੁਆਰੇ ਦੇ ਬਾਹਰ ਫਲੈਕਸ ਬੋਰਡ ਸਥਾਪਤ ਕੀਤੇ ਜਾਣਗੇ, ਜਿਥੇ ਗੁਰਦੁਆਰੇ ਦੀ ਮਾਣ-ਮਰਿਆਦਾ ਸਬੰਧੀ ਨਿਯਮ ਅਤੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।