ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 10 ਜਨਵਰੀ
ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂ ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਦੇ ਸਮਾਜਿਕ ਬਾਈਕਾਟ ਦੇ ਐਲਾਨ ਨੂੰ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਗੈਰਕਾਨੂੰਨੀ ਤੇ ਗੈਰ-ਸੰਵਿਧਾਨਕ ਕਰਾਰ ਦਿੱਤਾ। ਸ੍ਰੀ ਮਿੱਤਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਇਹ ਫ਼ੈਸਲਾ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਅੰਦਰ ਜਿੱਥੇ ਵਿਚਾਰਾਂ ਦੀ ਆਜ਼ਾਦੀ ਹੈ, ਉਥੇ ਹੀ ਸਮਾਜਿਕ ਬਾਈਕਾਟ ਜਿਹੀਆਂ ਗੱਲਾਂ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹਨ। ਅਜਿਹੀਆਂ ਗ਼ੈਰ ਵਿਧਾਨਕ ਗੱਲਾਂ ਕਰਕੇ ਕਿਸਾਨ ਆਗੂਆਂ ਨੂੰ ਭੜਕਾਹਟ ਵਾਲਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ ਹੈ। ਮਿੱਤਲ ਨੇ ਕਿਹਾ ਕਿ ਬੇਸ਼ੱਕ ਦੇਸ਼ ਅੰਦਰ ਛੂਤ-ਛਾਤ ’ਤੇ ਪਾਬੰਦੀ ਹੈ ਪਰ ਕਿਸਾਨ ਜਥੇਬੰਦੀਆਂ ਵੱਲੋਂ ਸਮਾਜਿਕ ਬਾਈਕਾਟ ਦੇ ਨਾਂ ’ਤੇ ਨਿਵੇਕਲੇ ਢੰਗ ਨਾਲ ਛੂਤ-ਛਾਤ ਦੀ ਸ਼ੁਰੁਆਤ ਕੀਤੀ ਗਈ ਹੈ।