ਪਰਮਜੀਤ ਸਿੰਘ
ਫਾਜ਼ਿਲਕਾ, 30 ਅਗਸਤ
ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਭਾਜਪਾ ਵਰਕਰ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਤੋਂ ਪਿੱਛੇ ਨਹੀਂ ਹਟਦੇ। ਭਾਵੇਂ ਅੱਜ ਦੇ ਕਿਸਾਨ ਅੰਦੋਲਨ ਦੇ ਹਾਲਾਤ ਹੋਣ ਜਾਂ ਕੋਈ ਹੋਰ। ਉਹ ਬੀਤੀ ਸ਼ਾਮ ਇੱਥੇ 15 ਪਿੰਡਾਂ ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪਿੰਡ ਕਟੈਹੜਾ ਵਿੱਚ ਆਪਣੇ ਨਿਵਾਸ ਸਥਾਨ ’ਤੇ ਭਾਜਪਾ ਦਿਹਾਤੀ ਮੰਡਲ ਦੀ ਪ੍ਰਧਾਨ ਸੁਰਜੀਤ ਭੋਭੀਆ ਦੀ ਪ੍ਰਧਾਨਗੀ ਹੇਠ ਦਿਹਾਤੀ ਮੰਡਲ ਦੇ 15 ਪਿੰਡਾਂ ਦੇ ਵਰਕਰਾਂ ਦੀ ਮੀਟਿੰਗ ਸੱਦੀ ਸੀ। ਸ੍ਰੀ ਜਿਆਣੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਜੋ ਕਿਸਾਨ ਬੈਠੇ ਹਨ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਕਾਨੂੰਨਾਂ ਬਾਰੇ ਦੱਸਿਆ ਹੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਨੂੰਨਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ ਉਹ ਤਾਂ ਕਾਂਗਰਸ ਦੀ ਕੈਪਟਨ ਸਰਕਾਰ ਨੇ 2002-2007 ਦੌਰਾਨ ਪੰਜਾਬ ਵਿੱਚ ਲਾਗੂ ਕਰ ਦਿੱਤੇ ਸਨ। ਇਸੇ ਤਰ੍ਹਾਂ ਕੰਟਰੈਕਟ ਫਾਰਮਿੰਗ ਕਾਨੂੰਨ ਬਾਦਲ ਸਰਕਾਰ ਨੇ 2013 ’ਚ ਹੀ ਲਾਗੂ ਕਰ ਦਿੱਤਾ ਸੀ। ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪਾਰਟੀ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰੀ ਵਿੱਢਣ ਦਾ ਸੱਦਾ ਦਿੱਤਾ।
ਮੀਟਿੰਗ ’ਚ ਪਾਰਟੀ ਦੇ ਕਿਸਾਨ ਮੋਰਚਾ ਪੰਜਾਬ ਦੇ ਸਕੱਤਰ ਮਨੋਜ ਝੀਂਝਾ, ਮੰਡਲ ਜਨਰਲ ਸਕੱਤਰ ਸੁਨੀਲ ਸਹਾਰਨ, ਰਾਮ ਕੁਮਾਰ ਸੋਨੀ, ਦਿਹਾਤੀ ਮੰਡਲ ਯੁਵਾ ਮੋਰਚਾ ਪ੍ਰਧਾਨ ਭਗਵਾਨ, ਸਰਪੰਚ ਵਰਿੰਦਰ ਕੁਮਾਰ ਵੀਰੂ, ਮਨੋਜ ਮੋਦੀ ਕੇਰੀਆਂ, ਗਗਨ ਸਿੰਘ ਰਾਮਪੁਰਾ, ਕ੍ਰਿਸ਼ਨ ਕੁਮਾਰ ਬੇਗਾਂਵਾਲੀ ਤੇ ਹੋਰ ਹਾਜ਼ਰ ਸਨ।