* ਆਮ ਲੋਕਾਂ ਨੂੰ ਜਾਮ ਸਫ਼ਲ ਬਣਾਉਣ ਦੀ ਅਪੀਲ
* ਕਿਸਾਨ ਘਰਾਂ, ਦਫ਼ਤਰਾਂ ਤੇ ਸੰਸਥਾਵਾਂ ’ਤੇ ਝੁਲਾਉਣਗੇ ਕਾਲੇ ਝੰਡੇ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਮਾਰਚ
ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਉਪਰ ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਮੋਰਚਿਆਂ ਦੇ 100 ਦਿਨ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 6 ਮਾਰਚ ਨੂੰ ਦਿੱਲੀ ਨੂੰ ਚੁਫੇਰਿਉਂ ਘੇਰਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸਵੇਅ (ਕੇਐੱਮਪੀ) ਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਜਾਮ ਕੀਤਾ ਜਾਵੇਗਾ। ਮੋਰਚੇ ਵੱਲੋਂ ਇਹ ਦਿਨ ‘ਕਾਲੇ ਦਿਵਸ’ ਵਜੋਂ ਮਨਾਇਆ ਜਾਵੇਗਾ। ਕਿਸਾਨਾਂ ਵੱਲੋਂ ਘਰਾਂ, ਦਫ਼ਤਰਾਂ ਤੇ ਸੰਸਥਾਵਾਂ ’ਤੇ ਕਾਲੇ ਝੰਡੇ ਝੁਲਾਏ ਜਾਣਗੇ। ਮੋਰਚੇ ਵਿੱਚ ਸ਼ਾਮਲ ਲੋਕ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਖ਼ਿਲਾਫ਼ ਰੋਸ ਜ਼ਾਹਿਰ ਕਰਨਗੇ। ਕਿਸਾਨ ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਮ ਨੂੰ ਸਫ਼ਲ ਬਣਾਉਣ ’ਚ ਸਹਿਯੋਗ ਦੇਣ ਤੇ ਕਿਸੇ ਵੀ ਖੱਜਲ ਖੁਆਰੀ ਤੋਂ ਬਚਣ ਲਈ ਇਸ ਰੂਟ ’ਤੇ ਆਉਣ ਤੋਂ ਗੁਰੇਜ਼ ਕਰਨ। ਆਗੂਆਂ ਨੇ ਕਿਹਾ ਕਿ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਖੁੱਲ੍ਹ ਰਹੇਗੀ।
ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਉਨ੍ਹਾਂ ਨੂੰ ੱਕਾ ਭਰੋਸਾ ਹੈ ਕਿ ਕਿਸਾਨ ਅੰਦੋਲਨ ਨਾਲ ਸਰਕਾਰ ਉਪਰ ਕਿਸਾਨੀ ਮੰਗਾਂ ਮੰਨਣ ਲਈ ਦਬਾਅ ਬਣੇਗਾ ਤੇ ਮੋਦੀ ਸਰਕਾਰ ਹੋਰ ਕਮਜ਼ੋਰ ਹੋਵੇਗੀ। ਕੇਂਦਰ ਸਰਕਾਰ ਨੂੰ ਜ਼ਿੱਦ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਮੁੜ ਗੱਲਬਾਤ ਕਰਨੀ ਪਏਗੀ। ਅਗਲੇ ਦਿਨਾਂ ਦੌਰਾਨ ਮੌਸਮੀ ਤਬਦੀਲੀ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਗਰਮੀ ਵਿੱਚ ਵੀ ਕਿਸਾਨ ਕੜਾਕੇ ਦੀ ਠੰਢ ਵਾਂਗ ਮੋਰਚੇ ਵਿੱਚ ਡਟੇ ਰਹਿਣ ਲਈ ਦ੍ਰਿੜ ਸੰਕਲਪ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਕਾਲੇ ਕਾਨੂੰਨ ਕਿਸਾਨਾਂ ਦੀ ‘ਮੌਤ ਦੇ ਵਰੰਟ’ ਹਨ ਕਿਉਂਕਿ ਮੋਦੀ ਸਰਕਾਰ ਦੇਸ਼ ਦੇ ਮੰਡੀ ਪ੍ਰਬੰਧ ਵਿੱਚ ਕਾਰਪੋਰੇਟਾਂ ਨੂੰ ਦਾਖ਼ਲ ਕਰ ਰਹੀ ਹੈ, ਜੋ ਕਿਸਾਨਾਂ ਲਈ ਘਾਤਕ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਨੂੰ ਦੋਵਾਂ ਪਾਸਿਉਂ ਘੇਰਦੀ ਐਕਸਪ੍ਰੈੱਵੇਅ ਉਪਰ ਪੈਂਦੇ ਟੌਲ ਪਲਾਜ਼ੇ ਜਾਮ ਦੇ ਅਰਸੇ ਦੌਰਾਨ ਪਰਚੀ ਮੁਕਤ ਰਹਿਣਗੇ। ਚੇਤੇ ਰਹੇ ਕਿ ਪਿਛਲੇ ਸਾਲ 26 ਨਵੰਬਰ ਦੀ ਸ਼ਾਮ ਨੂੰ ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਕਿਸਾਨਾਂ ਨੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਰ ਯੂਨੀਅਨਾਂ ਨੇ ਪਹਿਲਾਂ ਸਿੰਘੂ ਤੇ ਫਿਰ ਟਿਕਰੀ ਤੇ ਗਾਜ਼ੀਪੁਰ ਦੀਆਂ ਹੱਦਾਂ ਉਪਰ ਦਸਤਕ ਦਿੱਤੀ ਸੀ। ਕੌਮੀ ਰਾਜਧਾਨੀ ਵਿੱਚ ਦਾਖ਼ਲ ਨਾ ਹੋਣ ਦੇਣ ਮਗਰੋਂ ਕਿਸਾਨਾਂ ਨੇ ਇਨ੍ਹਾਂ ਬਾਰਡਰਾਂ ਸਮੇਤ ਪਲਵਲ ਬਾਰਡਰ ਉਪਰ ਪੱਕੇ ਮੋਰਚੇ ਲਾ ਰੱਖੇ ਹਨ। ਇਨ੍ਹਾਂ ਮੋਰਚਿਆਂ ਕਰਕੇ ਦਿੱਲੀ-ਕਰਨਾਲ, ਦਿੱਲੀ-ਬਹਾਦਰਗੜ੍ਹ ਤੇ ਦਿੱਲੀ-ਗਾਜ਼ੀਆਬਾਦ ਮਾਰਗ ਪੁਲੀਸ ਨੇ ਪੱਕੇ ਬੰਦੋਬਸਤ ਕਰਕੇ ਬੰਦ ਕੀਤੇ ਹੋਏ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਇਸ ਐਕਸਪ੍ਰੈੱਸਵੇਅ ਉਪਰ 7 ਜਨਵਰੀ ਨੂੰ ਵੀ ਟਰੈਕਟਰ ਚਲਾ ਕੇ ਆਪਣਾ ਵਿਰੋਧ ਪ੍ਰਗਟਾਇਆ ਸੀ। ਕਿਸਾਨ ਯੂਨੀਅਨਾਂ ਦੇ ਆਗੂਆਂ ਦੀਆਂ ਕੇਂਦਰੀ ਮੰਤਰੀਆਂ ਨਾਲ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਹੋਈਆਂ 11 ਮੀਟਿੰਗਾਂ ਬੇਸਿੱਟਾ ਰਹੀਆਂ ਹਨ।
ਦੋ ਸਾਲਾ ਬੱਚੀ ਸਮੇਤ ਔਰਤਾਂ ਨੂੰ ਥਾਣੇ ’ਚ ਬੰਦ ਕਰਨ ਦੀ ਨਿਖੇਧੀ
ਕਿਸਾਨ ਆਗੂਆਂ ਨੇ ਦਿੱਲੀ ਪੁਲੀਸ ਵੱਲੋਂ ਦੋ ਸਾਲਾ ਬੱਚੀ ਸਮੇਤ ਔਰਤਾਂ ਦੇ ਸਮੂਹ ਨੂੰ ਥਾਣੇ ’ਚ ਨਜ਼ਰਬੰਦ ਕਰਨ ਦੀ ਨਿਖੇਧੀ ਕੀਤੀ ਹੈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਮਨਜੀਤ ਕੌਰ ਡੋਬਕਾ ਦੀ ਅਗਵਾਈ ’ਚ ਔਰਤਾਂ ਦਾ ਸਮੂਹ ਬੁੱਧਵਾਰ ਰਾਤ ਨੂੰ ਸਿੰਘੂ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਲਈ ਰਵਾਨਾ ਹੋਇਆ ਸੀ। ਕਾਰਾਂ ’ਤੇ ਨਿਸ਼ਾਨ ਸਾਹਿਬ ਵਾਲੇ ਜਥੇਬੰਦੀਆਂ ਦੇ ਝੰਡੇ ਲੱਗੇ ਹੋਣ ਕਰਕੇ ਦਿੱਲੀ ਪੁਲੀਸ ਨੇ ਕਾਫ਼ਲੇ ਨੂੰ ਬਾਹਰੀ ਰਿੰਗ ਰੋਡ ਨੇੜਲੀ ਚੈੱਕ ਪੋਸਟ ’ਤੇ ਰੋਕ ਦਿੱਤਾ। ਜਦੋਂ ਸਮੂਹ ਨੇ ਝੰਡੇ ਹਟਾਉਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਤਿਲਕ ਮਾਰਗ ਥਾਣੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਸਮੂਹ ਵਿੱਚ ਬਰਨਾਲਾ ਦੀ ਰਹਿਣ ਵਾਲੀ 2 ਸਾਲਾ ਬੱਚੀ ਵੀ ਸ਼ਾਮਲ ਸੀ ਜਦੋਂਕਿ ਕਾਨੂੰਨ ਅਨੁਸਾਰ 7 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਤੇ ਸ਼ਾਮ ਨੂੰ ਸੂਰਜ ਛਿਪਣ ਮਗਰੋਂ ਕਿਸੇ ਵੀ ਔਰਤ ਨੂੰ ਪੁਲੀਸ ਸਟੇਸ਼ਨ ਵਿੱਚ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ।
ਕਿਸਾਨੀ ਸੰਘਰਸ਼ ਲੋਕਾਂ ਦਾ ਘੋਲ ਬਣਿਆ: ਅਤਰਜੀਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਥਿਤ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੁੰਡਲੀ, ਮਾਨੇਸਰ ਤੇ ਪਲਵਲ ਰੋਡ ’ਤੇ ਟੌਲ ਪਲਾਜ਼ਾ ਨੇੜੇ ਸ਼ਨਿਚਰਵਾਰ ਨੂੰ 11 ਤੋਂ 4 ਵਜੇ ਤੱਕ ਰੋਡ ਜਾਮ ਕੀਤਾ ਜਾਵੇਗਾ। ਟਿਕਰੀ ਹੱਦ ’ਤੇ ਮੋਰਚੇ ਦੌਰਾਨ ਸੰਬੋਧਨ ਕਰਦਿਆਂ ’ਤੇ ਕਹਾਣੀਕਾਰ ਅਤਰਜੀਤ ਨੇ ਕਿਹਾ, ‘ਭਾਰਤੀ ਹਾਕਮਾਂ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨੀ ਘੋਲ ਅੱਜ ਲੋਕ ਘੋਲ ਬਣ ਗਿਆ ਹੈ। ਇਸ ਨਾਲ ਕਿਸਾਨ-ਮਜ਼ਦੂਰ-ਮੁਲਾਜ਼ਮ ਤੇ ਸਮੂਹ ਕਿਰਤੀ ਲੋਕਾਂ ਦੀ ਜੋਟੀ ਪੈ ਚੁੱਕੀ ਹੈ। ਔਰਤ ਜਥੇਬੰਦੀ ਦੀ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ 1959 ਵਿੱਚ ਕਾਂਗਰਸ ਦੀ ਅਗਵਾਈ ਹੇਠ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ‘ਖੁਸ਼ ਹੈਸੀਅਤ ਟੈਕਸ’ ਲਾਇਆ ਗਿਆ ਸੀ, ਜਿਸ ਦਾ ਕਿਰਤੀ ਕਿਸਾਨਾਂ ਵੱਲੋਂ ਡਟਵਾਂ ਵਿਰੋਧ ਕੀਤਾ। ਇਸ ਟੈਕਸ ਖ਼ਿਲਾਫ਼ ਸੰਘਰਸ਼ ਦੌਰਾਨ ਪਿੰਡ ਐਤੀਆਣਾ (ਜ਼ਿਲ੍ਹਾ ਲੁਧਿਆਣਾ) ਵਿੱਚ ਮਾਤਾ ਚੰਦ ਕੌਰ, ਬੀਬੀ ਬਚਨ ਕੌਰ, ਬੀਬੀ ਸਤਨੀ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਅੰਦੋਲਨ ਦੇ ਦਬਾਅ ਕਾਰਨ ਸਰਕਾਰ ਨੂੰ ਇਹ ਖੁਸ਼ ਹੈਸੀਅਤ ਟੈਕਸ ਵਾਪਸ ਲੈਣਾ ਪਿਆ ਸੀ। ਹੁਣ ਵੀ ਦੇਸ਼ ਦੇ ਹਾਕਮ ਖੇਤੀ ਵਿਰੋਧੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਜਬਰੀ ਲਾਗੂ ਕਰ ਕਹੇ ਹਨ, ਜੋ ਉਨ੍ਹਾਂ ਨੂੰ ਵਾਪਸ ਲੈਣੇ ਪੈਣਗੇ।