ਪੱਤਰ ਪ੍ਰੇਰਕ
ਜਗਰਾਉਂ, 1 ਜੂਨ
ਦੋ ਪੁਲੀਸ ਅਧਿਕਾਰੀਆਂ ਦੇ ਕਤਲ ਮਾਮਲੇ ’ਚ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਨੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਜੈਪਾਲ ਭੁੱਲਰ ਫਿਰੋਜ਼ਪੁਰੀਆ ਅਤੇ ਜਸਪ੍ਰੀਤ ਜੱਸਾ ਖਰੜ ਦੇ ਟਿਕਾਣਿਆਂ ਬਾਰੇ ਪਤਾ ਕਰਨ ਲਈ ਪੁਲੀਸ ਨੇ ਜੈਪਾਲ ਭੁੱਲਰ ਦੇ ਬਠਿੰਡਾ ਜੇਲ੍ਹ ’ਚ ਨਜ਼ਰਬੰਦ ਭਰਾ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜਗਰਾਉਂ ਲਿਆ ਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਜਾਂਚ ਕਰ ਰਹੇ ਅਧਿਕਾਰੀਆਂ ਅਨੁਸਾਰ ਅੰਮ੍ਰਿਤਪਾਲ ਤੋਂ ਕੋਈ ਵੀ ਸੁਰਾਗ ਨਹੀਂ ਮਿਲਿਆ। ਅੱਜ ਮੰਗਲਵਾਰ ਨੂੰ ਰਿਮਾਂਡ ਖਤਮ ਹੋਣ ’ਤੇ ਉਸ ਨੂੰ ਫਿਰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਅੰਮ੍ਰਿਤਪਾਲ ਨੂੰ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਹਨ। ਥਾਣਾ ਸਦਰ ਦੇ ਐੱਸਐੱਚਓ ਜਸਪਾਲ ਸਿੰਘ ਉਸ ਨੂੰ ਬਠਿੰਡਾ ਜੇਲ੍ਹ ’ਚ ਛੱਡ ਆਏ ਹਨ।