ਮੁਖਤਿਆਰ ਸਿਘ ਨੌਗਾਵਾਂ
ਦੇਵੀਗੜ੍ਹ, 23 ਸਤੰਬਰ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਆਪਣੀ ਦੂਜੀ ਪਤਨੀ ਗੁਰਪ੍ਰੀਤ ਗਰੇਵਾਲ ਵਿਰੁੱਧ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੇ ਸਬੰਧੀ ਦਰਜ ਕਰਵਾਏ ਕੇਸ ’ਚ ਅੱਜ ਗੁਰਪ੍ਰੀਤ ਗਰੇਵਾਲ ਥਾਣਾ ਜੁਲਕਾਂ ਵਿੱਚ ਪੁੱਛ-ਪੜਤਾਲ ਲਈ ਪਹੁੰਚੀ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਨੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ। ਇਸ ਤੋਂ ਇਲਾਵਾ ਪੁਲੀਸ ਨੇ ਉਨ੍ਹਾਂ ਦੇ ਦੋ ਮੋਬਾਈਲ ਫੋਨ ਰੱਖ ਲਏ ਹਨ ਅਤੇ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਦਿੱਤੀ ਗੱਡੀ ਵੀ ਗਰੇਵਾਲ ਨੇ ਥਾਣੇ ਜਮ੍ਹਾਂ ਕਰਵਾ ਦਿੱਤੀ ਹੈ। ਇਸ ਦੌਰਾਨ ਥਾਣਾ ਮੁਖੀ ਨੇ ਦੱਸਿਆ ਕਿ ਹਰਮੀਤ ਪਠਾਣਮਾਜਰਾ ਦੀ ਦੂਜੀ ਪਤਨੀ ਅੱਜ ਥਾਣਾ ਜੁਲਕਾਂ ਵਿੱਚ ਆਪਣੇ ਵਿਰੁੱਧ ਦਰਜ ਕੇਸ ਦੀ ਪੁੱਛ-ਪੜਤਾਲ ਲਈ ਆਏ ਸਨ, ਜਿਸ ਵਿੱਚ ਉਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਅਤੇ ਉਨ੍ਹਾਂ ਕੋਲੋਂ ਲੋੜੀਂਦੇ ਦੋ ਮੋਬਾਈਲ ਰਿਕਵਰ ਕੀਤੇ ਹਨ ਅਤੇ ਜੇਕਰ ਹੋਰ ਪੁੱਛ ਪੜਤਾਲ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਮੁੜ ਥਾਣੇ ਬੁਲਾਇਆ ਜਾਵੇਗਾ।