ਪੱਤਰ ਪ੍ਰੇਰਕ
ਰੂਪਨਗਰ/ਨੂਰਪੁਰ ਬੇਦੀ, 14 ਜੁਲਾਈ
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਨੇ ਅੱਜ ਰੂਪਨਗਰ ਮਾਰਕਫੈੱਡ ਤੇ ਅਸਮਾਨਪੁਰ ਵਿੱਚ ਵੇਰਕਾ ਪਲਾਂਟ ਦਾ ਦੌਰਾ ਕਰ ਕੇ ਦੁੱਧ ਉਤਪਾਦਨ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਗਠਿਤ ਸਹਿਕਾਰਤਾ ਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਦੇ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਤੇ ਵਿਧਾਇਕਾਂ ਨੇ ਕਿਹਾ ਕਿ ਸਹਿਕਾਰਤਾ ਦੇ ਵੱਖ-ਵੱਖ ਅਦਾਰਿਆਂ ਵੱਲੋਂ ਕੀਤੇ ਜਾ ਰਹੇ ਉਤਪਾਦਨਾਂ ਦਾ ਮਿਆਰ ਬਹੁਤ ਉੱਤਮ ਹੈ। ਇਸ ਸਬੰਧੀ ਖਪਤਕਾਰਾਂ ਤੱਕ ਸਹੀ ਜਾਣਕਾਰੀ ਪਹੁੰਚਾਈ ਜਾਵੇਗੀ। ਇਸੇ ਦੌਰਾਨ ਕਮੇਟੀ ਵੱਲੋਂ ਰੂਪਨਗਰ ਮਾਰਕਫੈੱਡ ਦਫਤਰ ਵਿਖੇ ਕਮੇਟੀ ਦੀ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ।