ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਕਤੂਬਰ
ਨਗਰ ਨਿਗਮ ਬਠਿੰਡਾ ਨੇ ਪਲਾਸਟਿਕ ਰਹਿੰਦ-ਖੂੰਹਦ ਦੇ ਨਬਿੇੜੇ ਅਤੇ ਇਸ ਦੀ ਵਿਕਾਸ ਕਾਰਜਾਂ ਵਿੱਚ ਵਰਤੋਂ ਨੂੰ ਯਕੀਨੀ ਬਣਾਉਣ ਲਈ ਪਲਾਸਟਿਕ ਰਹਿੰਦ-ਖੂੰਹਦ ਤੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ ਸਟਾਫ਼ ਵੱਲੋਂ ਸੜਕਾਂ ਦੀ ਉਸਾਰੀ ਵਿੱਚ ਪਲਾਸਟਿਕ ਦੀ ਵਰਤੋਂ ਦੀ ਸ਼ੁਰੂਆਤ ਨਾਲ ਪਲਾਸਟਿਕ ਦੀ ਰਹਿੰਦ-ਖੂੰਹਦ ਦਾ ਸਾਰਥਿਕ ਹੱਲ ਵੀ ਲੱਭ ਲਿਆ ਗਿਆ ਹੈ ਤੇ ਇਸ ਨਾਲ ਲਾਗਤ ਵੀ ਘੱਟ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ’ਚ ਜੁਝਾਰ ਸਿੰਘ ਨਗਰ ਰੋਡ ਬਾਜਵਾ ਘਰ ਤੋਂ ਮੁੱਖ ਗਲੀ ਤੱਕ, ਗਲੀ ਨੰਬਰ 3-ਏ ਅਤੇ 3-ਬੀ ਜੁਝਾਰ ਨਗਰ ਦੀਆਂ ਸੜਕਾਂ ਦੀ ਉਸਾਰੀ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਕੀਤੀ ਗਈ ਹੈ।