ਚੰਡੀਗੜ੍ਹ, 29 ਦਸੰਬਰ
ਪੀਜੀਆਈ ਦੇ ਨਿਊਰੋਸਰਜਰੀ ਵਿਭਾਗ ਨੇ ਅੱਜ ਦੱਸਿਆ ਕਿ ਇਥੇ 3ਡੀ ਐਕਸੋਸਕੋਪ ਨਾਲ ਮਰੀਜ਼ਾਂ ਦੇ ਅਪਰੇਸ਼ਨ ਸ਼ੁਰੂ ਕੀਤੇ ਗਏ। ਦੇਸ਼ ਵਿੱਚ ਪਹਿਲੀ ਵਾਰ ਇਹ ਤਕਨੀਕ ਵਰਤੀ ਜਾ ਰਹੀ ਹੈ। ਵਿਭਾਗ ਵੱਲੋਂ ਦੱਸਿਆ ਗਿਆ ਨਿਊਰੋਸਰਜਨ ਧੰਦਾਪਨੀ ਅਤੇ ਉਨ੍ਹਾਂ ਦੀ ਟੀਮ ਨੇ 3ਡੀ ਐਕਸੋਸਕੋਪ ਨਾਲ ਦੋ ਮਰੀਜ਼ਾਂ ਦੇ ਬ੍ਰੇਨ ਟਿਊਮਰ ਅਤੇ ਅੱਖਾਂ ਸਬੰਧੀ ਰੋਗਾਂ ਦੀ ਸਫਲ ਸਰਜਰੀ ਕੀਤੀ ਹੈ। ਵਿਭਾਗ ਮੁਤਾਬਕ ਦਿਮਾਗ ਅਤੇ ਰੀੜ੍ਹ ਦੀ ਸਰਜਰੀ ਸਬੰਧੀ ਇਹ ਸੱਜਰੀ ਆਧੁਨਿਕ ਤਕਨੀਕ ਹੈ। ਦੇਸ਼ ਅੰਦਰ ਵੱਖ-ਵੱਖ ਸੈਂਟਰਾਂ ’ਚ 2ਡੀ ਐਕਸੋਸਕੋਪ ਤਕਨੀਕ ਵਰਤੀ ਜਾ ਰਹੀ ਹੈ ਪਰ ਪੋਸਟਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਜਨ ਐਂਡ ਰਿਸਰਚ (ਪੀਜੀਆਈ) ਦੇਸ਼ ਦੀ ਪਹਿਲੀ ਸੰਸਥਾ ਹੈ ਜਿੱਥੇ ਇਹ 3ਡੀ ਐਕਸੋਸਕੋਪ ਤਕਨੀਕ ਦੇ ਵਰਤੋਂ ਸ਼ੁਰੂ ਕੀਤੀ ਗਈ ਹੈ। ਪੀਜੀਆਈ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਕਿ ਦਿਮਾਗ, ਰੀੜ੍ਹ ਅਤੇ ਅੱਖਾਂ ਸਬੰਧੀ ਸਮੱਸਿਆਵਾਂ ਦੀ ਸਰਜਰੀ ਲਈ ਇਹ ਬਹੁਤ ਮਦਦਗਾਰ ਹੈ। ਮਰੀਜ਼ਾਂ ਲਈ ਇਹ ਬਹੁਤ ਲਾਭਦਾਇਕ ਸਿੱਧ ਹੋਵੇਗੀ। -ਏਜੰਸੀ