ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 14 ਅਗਸਤ
ਹਿੰਦ-ਪਾਕਿ ਵਿਚਾਲੇ ਦੋਸਤੀ ਦੀਆਂ ਮੁਦਈ ਜਥੇਬੰਦੀਆਂ ਵੱਲੋਂ ਅੱਜ ਇਥੇ ਕਰਵਾਏ ਗਏ ਆਨਲਾਈਨ 25ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਮੌਕੇ ਜਾਰੀ ਕੀਤੇ ਗਏ ਐਲਾਨਨਾਮੇ ਵਿਚ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਆਪਸੀ ਵਿਵਾਦ ਹੱਲ ਕਰਨ ਲਈ ਨਵੇਂ ਸਿਰੇ ਤੋਂ ਪਹਿਲਕਦਮੀ ਕੀਤੀ ਜਾਵੇ। ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਪਾਕਿਸਤਾਨ-ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ, ਆਵਾਜ਼-ਏ-ਦੋਸਤੀ ਅਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਵੱਲੋਂ ਮੌਜੂਦਾ ਕਰੋਨਾ ਕਾਰਨ ਬਣੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਕਰਾਏ ਗਏ ਵੈਬਿਨਾਰ ਵਿਚ ਐਲਾਨਨਾਮਾ ਜਾਰੀ ਕੀਤਾ ਗਿਆ। ਪਾਕਿ-ਹਿੰਦ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਅਤੇ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਿੱਤੇ ਵਿਚ ਤਣਾਅ ਪੈਦਾ ਕਰਨ ਵਾਲਾ ਕੋਈ ਵੀ ਕਦਮ ਚੁੱਕਣ ਤੋਂ ਗੁਰੇਜ਼ ਕਰਨ ਅਤੇ ਕਰਤਾਰਪੁਰ ਲਾਂਘੇ ਮੁੜ ਤੋਂ ਖੋਲ੍ਹਣ ਲਈ ਕਦਮ ਚੁੱਕੇ ਜਾਣ। ਇਸ ਮੌਕੇ ਪੰਜ ਪਾਣੀ ਦਾ ਵਿਸ਼ੇਸ਼ ਅੰਕ ਪੰਜਾਬੀ ਭਾਸ਼ਾ ਅਤੇ ਵਿਗਿਆਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ.ਚਰਨਜੀਤ ਸਿੰਘ ਨਾਭਾ, ਡਾ. ਕੁਲਦੀਪ ਸਿੰਘ, ਡਾ. ਸੁਰਜੀਤ ਜੱਜ, ਸਤੀਸ਼ ਢੀਂਗਣ, ਹਰਜੀਤ ਸਿੰਘ ਸਰਕਾਰੀਆ, ਕਮਲ ਗਿੱਲ, ਕਰਮਜੀਤ ਕੌਰ ਜੱਸੜ, ਡਾ. ਵਿਕਰਮਜੀਤ ਮੌਜੂਦ ਸਨ।
ਦੋਸਤੀ ਦੀ ਲੋੜ ’ਤੇ ਜ਼ੋਰ
ਅੰਮ੍ਰਿਤਸਰ: ਵੱਖ-ਵੱਖ ਜਥੇਬੰਦੀਆਂ ਵੱਲੋਂ ਕਰਾਏ ਗਏ 25ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਦੌਰਾਨ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਅਮਨ ਤੇ ਦੋਸਤੀ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਸਾਫਮਾ ਦੇ ਜਨਰਲ ਸਕੱਤਰ ਇਮਤਿਆਜ਼ ਆਲਮ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਾਬਕਾ ਨੈਸ਼ਨਲ ਅਸੈਂਬਲੀ ਮੈਂਬਰ ਚੌਧਰੀ ਮੰਜ਼ੂਰ ਅਹਿਮਦ, ਪੱਤਰਕਾਰ ਵਿਨੋਦ ਸ਼ਰਮਾ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ ਦੇ ਸਕੱਤਰ ਵੀ ਜੈਨ ਨੇ ਦੋਵਾਂ ਦੇਸ਼ਾਂ ਦੇ ਮੌਜੂਦਾ ਸਬੰਧਾਂ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅਮਨ ਤੇ ਦੋਸਤੀ ਦੀ ਬਹਾਲੀ ਲਈ ਸਰਹੱਦਾਂ ਖੁੱਲ੍ਹਵਾਉਣ ਲਈ ਅਜੇ ਲੰਮਾਂ ਸਫ਼ਰ ਤੈਅ ਕਰਨਾ ਪਵੇਗਾ।