ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਦਸੰਬਰ
ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਆਮਦਨ ਕਰ ਵਿਭਾਗ ਵੱਲੋਂ ਆੜ੍ਹਤੀਆਂ ਦੀ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਰੋਕਣ ਲਈ ਰਾਜਸੀ ਦਬਾਅ ਹੇਠ ਆੜ੍ਹਤੀਆਂ ’ਤੇ ਜਿਹੜੇ ਛਾਪੇ ਮਾਰੇ ਜਾ ਰਹੇ ਹਨ, ਉਸ ਤੋਂ ਘਬਰਾ ਕੇ ਆੜ੍ਹਤੀ ਸੰਘਰਸ਼ ਵਾਪਸ ਨਹੀਂ ਲੈਣਗੇ। ਕੇਂਦਰ ਸਰਕਾਰ ਵਿਰੁੱਧ ਰੋਸ ਵਜੋਂ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਬੰਦ ਕਰਕੇ ਆੜ੍ਹਤੀ ਆਪਣਾ ਰੋਸ ਪ੍ਰਗਟ ਕਰਦੇ ਰਹਿਣਗੇੇ। ਉਨ੍ਹਾਂ ਕਿਹਾ ਕਿ ਪੰਜਾਬ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਧਰਤੀ ਹੈ। ਜ਼ੁਲਮ ਦਾ ਮੁਕਾਬਲਾ ਕਰਦੇ ਹੋਏ ਸਾਡੇ ਵੱਡੇ ਚਰਖੜੀਆਂ ’ਤੇ ਵੀ ਚੜ੍ਹ ਗਏ ਪਰ ਉਨ੍ਹਾਂ ਨੇ ਅਸੂਲ ਨਹੀਂ ਸਨ ਤਿਆਗੇ। ਇਸ ਲਈ ਭਾਵੇਂ ਸਰਕਾਰ ਸਾਨੂੰ ਚਰਖੜੀਆਂ ’ਤੇ ਚਾੜ੍ਹ ਦੇਵੇ, ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਜਾਰੀ ਰੱਖਾਂਗੇ।