ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜੂਨ
ਦੁਰਗਿਆਨਾ ਮੰਦਰ ਕਮੇਟੀ ਨੇ ਇਥੇ ਪੁਰਾਤਨ ਦੁਰਗਿਆਨਾ ਮੰਦਰ ਨੇੜੇ ਕੰਪਲੈਕਸ ਵਿੱਚ ਇਕ ਅਜਾਇਬ ਘਰ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਪੁਰਾਤਨ ਪੰਜਾਬ (ਪੰੰਚਨਦ) ਦੇ ਇਤਿਹਾਸ ਨੂੰ ਦਿਖਾਇਆ ਗਿਆ ਹੈ। ਇਸ ਅਜਾਇਬ ਘਰ ਵਿੱਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਅਤੇ ਅਤਿਵਾਦ ਵੇਲੇ ਦੇਸ਼ ਦੀ ਅਖੰਡਤਾ ਲਈ ਸ਼ਹੀਦ ਹੋਏ ਹਿੰਦੂ ਭਾਈਚਾਰੇ ਨਾਲ ਸਬੰਧਤ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।
ਇਸ ਅਜਾਇਬ ਘਰ ਦਾ ਉਦਘਾਟਨ ਅੱਜ ਵਿਧਾਇਕ ਸੁਨੀਲ ਦੱਤੀ, ਨਗਰ ਸੁਧਾਰ ਟਰੱਸਟ ਦੇ ਚੈਅਰਮੈਨ ਦਿਨੇਸ਼ ਬੱਸੀ, ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਕੀਤਾ। ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਪੰਜਾਬ ਦਾ ਇਹ ਪਹਿਲਾਂ ਅਜਿਹਾ ਅਜਾਇਬ ਘਰ ਹੋਵੇਗਾ, ਜੋ ਕਿਸੇ ਮੰਦਰ ਕੰਪਲੈਕਸ ਵਿੱਚ ਸਥਾਪਤ ਕੀਤਾ ਗਿਆ ਹੈ।
ਇਸ ਅਜਾਇਬ ਘਰ ਦੇ 7 ਹਿੱਸੇ ਹੋਣਗੇ, ਜਿਸ ਵਿੱਚ ਧਰਮ ਬਾਰੇ, ਦੇਸ਼ ਭਗਤਾਂ, ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲਿਆਂ, ਅਤਿਵਾਦ ਵੇਲੇ ਦੇਸ਼ ਦੀ ਅਖੰਡਤਾ ਲਈ ਸ਼ਹੀਦ ਹੋਏ ਵਿਅਕਤੀਆਂ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਇਕ ਮਾਹਿਰਾਂ ਦੀ ਇਕ ਕਮੇਟੀ ਬਣਾਈ ਗਈ ਹੈ, ਜੋ ਪਿਛਲੇ 4 ਸਾਲਾਂ ਤੋਂ ਇਸ ਵਿਸ਼ੇ ’ਤੇ ਕੰਮ ਕਰ ਰਹੀ ਹੈ। ਕਮੇਟੀ ਦੇ ਕਾਰਕੁਨ ਨੇ ਦੱਸਿਆ ਕਿ ਦੁਰਗਿਆਨਾ ਮੰਦਰ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਪੰਜਾਬ ਵਿੱਚ ਜੂਨ 1988 ਵਿੱਚ ਕਟੜਾ ਆਹਲੂਵਾਲੀਆ ’ਚ ਅਤਿਵਾਦ ਦੀ ਵਾਪਰੀ ਘਟਨਾ ਨੂੰ ਵੀ ਸਰਕਾਰ ਦੇ ਵਾਈਟ ਪੇਪਰ ਦਾ ਹਿੱਸਾ ਬਣਾਇਆ ਜਾਵੇ।