ਚਰਨਜੀਤ ਭੁੱਲਰ
ਚੰਡੀਗੜ੍ਹ, 10 ਸਤੰਬਰ
ਢਾਈ ਦਹਾਕੇ ਤੋਂ ਹੈਲੀਕਾਪਟਰ ਦੀ ਸਵਾਰੀ ਖਜ਼ਾਨੇ ’ਤੇ ਭਾਰੀ ਪੈ ਰਹੀ ਹੈ| ਹਕੂਮਤਾਂ ਨੇ ਸੜਕੀ ਰਸਤਾ ਨਹੀਂ ਚੁਣਿਆ, ਅਸਮਾਨੀ ਉੱਡਣ ਨੂੰ ਤਰਜੀਹ ਦਿੱਤੀ। ਇਹ ਉਡਾਣਾਂ 24 ਵਰ੍ਹਿਆਂ ’ਚ ਸਰਕਾਰੀ ਖਜ਼ਾਨੇ ਨੂੰ 166.23 ਕਰੋੜ ’ਚ ਪਈਆਂ ਹਨ| ਇਸ ਸਮੇਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੰਬਰ ਇੱਕ ’ਤੇ ਰਿਹਾ ਜਿਸ ਦਾ ਹੈਲੀਕਾਪਟਰ ਖਰਚਾ 119.35 ਕਰੋੜ ਰਿਹਾ ਜਦਕਿ ਕਾਂਗਰਸ ਹਕੂਮਤਾਂ ਦੌਰਾਨ ਇਹੋ ਖਰਚਾ 46.88 ਕਰੋੜ ਰਿਹਾ| ਸਾਲ 2007-12 ਦੌਰਾਨ ਹੈਲੀਕਾਪਟਰਾਂ ਦੇ 426 ਗੇੜੇ ਇਕੱਲੇ ਪਿੰਡ ਬਾਦਲ ਦੇ ਲੱਗੇ|
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਨਵੰਬਰ 1997 ਤੋਂ ਜੁਲਾਈ 2021 ਤੱਕ ਦੇ ਸਮੇਂ (ਕਰੀਬ 24 ਸਾਲ) ਦੌਰਾਨ ਹੈਲੀਕਾਪਟਰ ਦਾ ਖਰਚਾ 166.23 ਕਰੋੜ ਰਿਹਾ ਹੈ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਦੌਰੇ ਕਾਫੀ ਘੱਟ ਹੀ ਰਹੇ ਹਨ। ਇਸ ਦੌਰਾਨ ਪਹਿਲੀ ਅਪਰੈਲ 2017 ਤੋਂ 31 ਜੁਲਾਈ 2021 ਤੱਕ ਸਰਕਾਰੀ ਹੈਲੀਕਾਪਟਰ ਦੇ ਅਪਰੇਸ਼ਨ/ਮੈਂਟੀਨੈਸ ਦਾ ਖਰਚਾ ਅਤੇ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ ਦਾ ਖਰਚਾ 14.58 ਕਰੋੜ ਰੁਪਏ ਰਿਹਾ ਹੈ|
ਮੌਜੂਦਾ ਸਰਕਾਰ ਨੇ ਸਵਾ ਚਾਰ ਵਰ੍ਹਿਆਂ ਦੌਰਾਨ ਪ੍ਰਾਈਵੇਟ ਹੈਲੀਕਾਪਟਰ ਦੇ ਭਾੜੇ ’ਤੇ 3.66 ਕਰੋੜ ਰੁਪਏ ਖਰਚ ਕੀਤੇ ਹਨ ਜਦਕਿ ਸਰਕਾਰੀ ਹੈਲੀਕਾਪਟਰ ਦਾ ਖਰਚਾ 10.92 ਕਰੋੜ ਰੁਪਏ ਰਿਹਾ ਹੈ| ਇਸ ਲਿਹਾਜ਼ ਨਾਲ ਮੌਜੂਦਾ ਸਰਕਾਰ ਦਾ ਰੋਜ਼ਾਨਾ ਦਾ ਔਸਤਨ ਹੈਲੀਕਾਪਟਰ ਖਰਚਾ 94064 ਰੁਪਏ ਰਿਹਾ ਹੈ|
ਪੰਜਾਬ ਸਰਕਾਰ ਨੇ ਆਰਟੀਆਈ ਤਹਿਤ ਸਰਕਾਰੀ ਹੈਲੀਕਾਪਟਰ ਦੇ ਦੂਸਰੇ ਸੂਬਿਆਂ ਦੇ ਦੌਰਿਆਂ ਦਾ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ| ਇਹ ਸਵਾਲ ਜਵਾਬ ਦੀ ਮੰਗ ਕਰਦਾ ਹੈ ਕਿ ਕੋਵਿਡ ਮਹਾਮਾਰੀ ਦੇ ਡੇਢ ਵਰ੍ਹੇ ਦੌਰਾਨ ਸਭ ਕੁਝ ਰੁਕਿਆ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਹੈਲੀਕਾਪਟਰ ਦੀ ਵਰਤੋਂ ਕਿੱਥੇ ਕੀਤੀ ਗਈ ਹੈ, ਮਾਮਲਾ ਜਨਤਕ ਹੋਣਾ ਚਾਹੀਦਾ ਹੈ| ਦੇਖਿਆ ਜਾਵੇ ਤਾਂ ਇੰਨਾ ਜ਼ਰੂਰ ਹੈ ਕਿ ਗੱਠਜੋੜ ਸਰਕਾਰ ਦੇ ਮੁਕਾਬਲੇ ਮੌਜੂਦਾ ਸਰਕਾਰ ਦਾ ਹੈਲੀਕਾਪਟਰ ਖਰਚਾ ਕਾਫੀ ਘੱਟ ਹੈ|
ਮੁੱਖ ਮੰਤਰੀ ਪਿਛਲੇ ਸਮਿਆਂ ਤੋਂ ਹੈਲੀਕਾਪਟਰ ’ਤੇ ਜ਼ਿਆਦਾ ਸਫਰ ਕਰਨ ਲੱਗੇ ਹਨ| ਪੰਜਾਬ ਸਰਕਾਰ ਵੱਲੋਂ ਨਵੰਬਰ 1995 ਤੋਂ ਭਾੜੇ ਦਾ ਹੈਲੀਕਾਪਟਰ ਵਰਤਣਾ ਸ਼ੁਰੂ ਕੀਤਾ ਗਿਆ ਸੀ| ਨਵੰਬਰ 1995 ਤੋਂ 31 ਮਾਰਚ 1997 ਤੱਕ ਹੈਲੀਕਾਪਟਰ ਦਾ ਖਰਚਾ 9.68 ਕਰੋੜ ਰੁਪਏ ਰਿਹਾ ਸੀ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਦਾ ਔਸਤਨ ਖਰਚਾ 1.87 ਲੱਖ ਰੁਪਏ ਹੈਲੀਕਾਪਟਰ ’ਤੇ ਕੀਤਾ ਗਿਆ| ਗੱਠਜੋੜ ਸਰਕਾਰ ਦਾ ਦਸ ਵਰ੍ਹਿਆਂ (2007-2017) ਦੌਰਾਨ ਹੈਲੀਕਾਪਟਰ ਦਾ ਖਰਚਾ 97.81 ਕਰੋੜ ਰੁਪਏ ਹੈ| ਗੱਠਜੋੜ ਸਰਕਾਰ ਦੀ ਪਹਿਲੀ ਪਾਰੀ (2007-2012) ਦੌਰਾਨ ਹੈਲੀਕਾਪਟਰ 53.81 ਕਰੋੜ ਰੁਪਏ ਰਿਹਾ ਸੀ| ਦੂਸਰੀ ਪਾਰੀ (2012-2017) ਦੌਰਾਨ ਇਹੋ ਖਰਚਾ 44 ਕਰੋੜ ਰੁਪਏ ਰਿਹਾ ਹੈ| ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ (2002-07) ਹੈਲੀਕਾਪਟਰ ਖਰਚਾ 22.62 ਕਰੋੜ ਰੁਪਏ ਆਇਆ ਸੀ|
ਪੰਜਾਬ ਸਰਕਾਰ ਨੇ ਜ਼ਿਆਦਾ ਸਮਾਂ ਭਾੜੇ ਦਾ ਹੈਲੀਕਾਪਟਰ ਹੀ ਵਰਤਿਆ ਹੈ| ਦਸੰਬਰ 2012 ਵਿਚ ਸਰਕਾਰ ਨੇ ‘ਬੈੱਲ-429’ ਹੈਲੀਕਾਪਟਰ 38 ਕਰੋੜ ਦੀ ਲਾਗਤ ਨਾਲ ਖਰੀਦ ਕੀਤਾ ਸੀ| ਪੰਜਾਬ ਸਰਕਾਰ ਦਾ ਇੱਕ ਹੈਲੀਕਾਪਟਰ ਅਪਰੈਲ 1994 ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿੱਚ ਪੰਜਾਬ ਦੇ ਰਾਜਪਾਲ ਸੁਰਿੰਦਰ ਨਾਥ ਤੇ ਹੋਰਾਂ ਦੀ ਮੌਤ ਹੋ ਗਈ ਸੀ| ਇਸੇ ਤਰ੍ਹਾਂ ‘ਕਿੰਗ ਏਅਰ-90’ ਵੀ ਅਕਤੂਬਰ 2008 ’ਚ ਲੁਧਿਆਣਾ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ।
ਆਡਿਟ ਇਤਰਾਜ਼ ਵੀ ਉੱਠਦੇ ਰਹੇ ਹਨ ਕਿ ਪੰਜਾਬ ਸਰਕਾਰ ਨੇ ਬਿਨਾਂ ਟੈਂਡਰ ਕੀਤੇ ਹੀ ਭਾੜੇ ’ਤੇ ਹੈਲੀਕਾਪਟਰ ਲਏ। ਭੂਗੋਲਿਕ ਲਿਹਾਜ਼ ਤੋਂ ਪੰਜਾਬ ਬਹੁਤਾ ਲੰਮਾ ਚੌੜਾ ਨਹੀਂ ਹੈ ਪਰ ਫਿਰ ਵੀ ਸਰਕਾਰਾਂ ਤਰਫੋਂ ਸੜਕੀ ਰਸਤੇ ਦੀ ਥਾਂ ਹੈਲੀਕਾਪਟਰ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਸ ਦਾ ਬੋਝ ਆਮ ਲੋਕਾਂ ਨੂੰ ਚੁੱਕਣਾ ਪੈਂਦਾ ਹੈ|
ਲੋੜ ਪੈਣ ’ਤੇ ਹੀ ਹੈਲੀਕਾਪਟਰ ਦੀ ਵਰਤੋਂ ਹੋਵੇ: ਚੀਮਾ
ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਆਖਦੇ ਹਨ ਕਿ ਹੈਲੀਕਾਪਟਰ ਦਾ ਸਮੁੱਚੇ ਰੂਪ ਵਿਚ ਬੋਝ ਆਮ ਲੋਕਾਂ ’ਤੇ ਪੈਂਦਾ ਹੈ ਜਿਸ ਕਰਕੇ ਸਰਕਾਰਾਂ ਨੂੰ ਇਹ ਖਰਚਾ ਸੀਮਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹੁਣ ਪੰਜਾਬ ਕਰਜ਼ ਵਿਚ ਜਕੜਿਆ ਪਿਆ ਹੈ ਤਾਂ ਬਹੁਤ ਹੰਗਾਮੀ ਹਾਲਤ ’ਚ ਹੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।