ਪੱਤਰ ਪ੍ਰੇਰਕ
ਫ਼ਤਹਿਗੜ੍ਹ ਚੂੜੀਆਂ, 20 ਅਕਤੂਬਰ
ਫ਼ਤਹਿਗੜ੍ਹ ਚੂੜੀਆਂ ਦੇ ਪ੍ਰਾਈਵੇਟ ਹਸਪਤਾਲ ਖਾਲਸਾ ਕੇਅਰ ਦੀ ਇੱਕ ਐਂਬੂਲੈਂਸ ਵੈਨ ਨੂੰ ਅੱਜ ਚੰਦੂ ਸੁਜਾ ਨਹਿਰ ਕੋਲ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਜੱਦੋਜਹਿਦ ਦਰਮਿਆਨ ਐਂਬੂਲੈਂਸ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਦੇ ਮਾਲਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਐਂਬੂਲੈਂਸ ਇੱਕ ਮ੍ਰਿਤਕ ਦੇਹ ਨੂੰ ਪਿੰਡ ਕੋਟਲੀ ਛੱਡ ਕੇ ਫ਼ਤਹਿਗੜ੍ਹ ਚੂੜੀਆਂ ਵਾਪਸ ਆ ਰਹੀ ਸੀ, ਜਦੋਂ ਚੰਦੂ ਸੁਜਾ ਨਹਿਰ ਦੇ ਪੁਲ ’ਤੇ ਪੁੱਜੀ ਤਾਂ ਇੱਕ ਮੋਟਰਸਾਈਕਲ ਅਤੇ ਕਾਰ ਸਵਾਰ ਕੁਝ ਲੁਟੇਰਿਆਂ ਨੇ ਵੈਨ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਤੋਂ ਬਚਣ ਦੀ ਕੋਸ਼ਿਸ਼ ਵਿੱਚ ਐਂਬੂਲੈਂਸ ਨਹਿਰ ਵਿੱਚ ਡਿੱਗ ਪਈ, ਜਿਸ ਕਰਕੇ ਇਸ ਵਿੱਚ ਸਵਾਰ ਹਸਪਤਾਲ ਦੇ ਦੋ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਕਾਲਾ ਅਫ਼ਗ਼ਾਨਾ ਪੁਲੀਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਥਾਣਾ ਫ਼ਤਹਿਗੜ੍ਹ ਚੂੜੀਆਂ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ।