ਰਵੇਲ ਸਿੰਘ ਭਿੰਡਰ
ਪਟਿਆਲਾ, 9 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ’ਚ ਕੁੱਦਣ ਲਈ ਹੁਣ ਐੱਨਆਰਆਈਜ਼ ਵੀ ਪੰਜਾਬ ਪੁੱਜਣ ਲੱਗੇ ਹਨ। ਬੀਤੇ ਦਿਨੀਂ ਸੰਘਰਸ਼ ’ਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਐੱਨਆਰਆਈਜ਼ ਤੇ ਸਮਾਜ ਸੇਵਕ ਦਰਸ਼ਨ ਸਿੰਘ ਧਾਲੀਵਾਲ ਤੇ ਚਰਨਜੀਤ ਸਿੰਘ ਰੱਖੜਾ ਆਪਣੇ ਪਿੰਡ ਰੱਖੜਾ ‘ਪਟਿਆਲਾ’ ਪੁੱਜੇ। ਦੋਵਾਂ ਦੀ ਅਗਵਾਈ ਹੇਠ ਅੱਜ ਪਟਿਆਲਾ ਜ਼ਿਲ੍ਹੇ ਤੋਂ ਹਜ਼ਾਰਾਂ ਕਿਸਾਨ ਟਰਾਲੀਆਂ ਦੇ ਕਾਫ਼ਲੇ ਜ਼ਰੀਏ ਦਿੱਲੀ ਮੋਰਚੇ ਲਈ ਰਵਾਨਾ ਹੋਏ। ਇਸ ਕਾਫ਼ਲੇ ਨੂੰ ਦਰਸ਼ਨ ਸਿੰਘ ਧਾਲੀਵਾਲ ਨੇ ਹਰੀ ਝੰਡੀ ਦਿੱਤੀ ਅਤੇ ਉਨ੍ਹਾਂ ਨਾਲ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਅਮਰੀਕਾ ਦੇ ਉਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਸਾਬਕਾ ਅਕਾਲੀ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਹਨ। ਰੱਖੜਾ ਪਰਿਵਾਰ ਵੱਲੋਂ ਅੱਜ ਸੌ ਤੋਂ ਵੱਧ ਟਰਾਲੀਆਂ ਦਿੱਲੀ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਬਹੁਤੀਆਂ ’ਚ ਰਸਦ ਸੀ। ਧਾਲੀਵਾਲ ਨੇ ਦੱਸਿਆ ਕਿ ਉਹ ਖੁਦ ਵੀ ਦਿੱਲੀ ਮੋਰਚੇ ਵਿੱਚ ਡਟਣਗੇ। ਉਨ੍ਹਾਂ ਦੱਸਿਆ ਕਿ ਦਿੱਲੀ ਸੰਘਰਸ਼ ਦੀ ਗੂੰਜ ਅਮਰੀਕਾ ਸਮੇਤ ਯੂਰਪ ਦੇ ਸਾਰੇ ਮੁਲਕਾਂ ਵਿੱਚ ਪੈ ਰਹੀ ਹੈ ਪਰ ਅਫਸੋਸ ਹੈ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਪ੍ਰਤੀ ਸੰਜੀਦਾ ਨਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਅਮਰੀਕਾ ਤੇ ਕੈਨੇਡਾ ਤੋਂ ਹੋਰ ਲੋਕ ਵੀ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਭਾਰਤ ਆ ਰਹੇ ਹਨ। ਚਰਨਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਰੱਖੜਾ ਪਰਿਵਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਦਿੱਲੀ ਦੀ ਸਿੰਘੂ ਹੱਦ ’ਤੇ ਰਹਿਣ ਵਸੇਬੇ ਵਜੋਂ ਇੱਕ ਵੱਡ-ਆਕਾਰੀ ਟੈਂਟ ਸਿਟੀ ਸਥਾਪਤ ਕੀਤੀ ਗਈ ਹੈ, ਜਿਸ ਵਿੱਚ ਦੋ ਹਜ਼ਾਰ ਤੋਂ ਵੱਧ ਅੰਦੋਲਨਕਾਰੀ ਰਹਿ ਸਕਦੇ ਹਨ।