ਬੇਅੰਤ ਸਿੰਘ ਸੰਧੂ
ਪੱਟੀ, 20 ਨਵੰਬਰ
ਸਿਆਸੀ ਪੁਸ਼ਤਪਨਾਹੀ ਹੇਠ ਈਸਾਈ ਭਾਈਚਾਰੇ ਦੇ ਕਬਰਸਤਨਾਂ ਉਪਰ ਕੀਤੇ ਜਾ ਰਹੇ ਨਾਜ਼ਾਇਜ ਕਬਜ਼ਿਆ ਦੇ ਵਿਰੋਧ ਵਿੱਚ ਅੱਜ ਈਸਾਈਆਂ ਨੇ ਵੱਡੀ ਗਿਣਤੀ ‘ਚ ਪ੍ਰਸ਼ਾਸਨ ਖਿਲਾਫ਼ ਪੱਟੀ ਮੋੜ ’ਤੇ ਧਰਨਾ ਦਿੱਤਾ। ਧਰਨੇ ਵਿੱਚ ਭਾਈਚਾਰੇ ਦੇ ਆਗੂਆਂ ਜਸਬੀਰ ਮਸੀਹ, ਅਵਤਾਰ ਮਸੀਹ, ਗੁਲਜ਼ਾਰ ਮਾੜੀ ਮੇਘਾ, ਯੂਨਿਸ ਪੀਟਰ, ਸੂਰਜ ਫੋਲੜੀਵਾਲ, ਰਜਿੰਦਰਪਾਲ ਰਾਜੂ, ਹਰਜਿੰਦਰ ਕਪੂਰਥਲਾ, ਡੇਵਿਡ ਮੱਟੂ ਕਲਾਨੌਰ, ਨਿਰਮਲ ਮਸੀਹ ਨੇ ਕਿਹਾ ਕਿ ਭਾਈਚਾਰਾ ਆਪਣੇ ਮੁਰਦਿਆਂ ਨੂੰ ਦਫਨਾਉਣ ਲਈ ਵੀ ਦੋ ਗਜ਼ ਜ਼ਮੀਨ ਲਈ ਤਰਸ ਰਿਹਾ ਹੈ ਪਰ ਹਲਕੇ ਦੇ ਪਿੰਡ ਘਰਿਆਲਾ ਖੁਰਦ, ਬੂਹ, ਕੱਚਾ ਪੱਕਾ, ਚੰਬਾ ਕਲਾ, ਠੱਕਰਪੁਰਾ ਸਮੇਤ ਕਈ ਪਿੰਡਾਂ ਅੰਦਰ ਕਬਰਸਤਾਨਾਂ ’ਤੇ ਪ੍ਰਸ਼ਾਸਨ ਅਤੇ ਸਿਆਸੀ ਪੁਸ਼ਤਪਨਾਹੀ ਹੇਠ ਕਬਰਾਂ ਨੂੰ ਪੁੱਟ ਕੇ ਕਬਰਸਤਾਨਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੈਕਰਡ ਹਾਰਟ ਕੌਨਵਟ ਸਕੂਲ ਜੋਣੇਕੇ ਦੀ ਇਕਵਾਇਰ ਕੀਤੀ ਜ਼ਮੀਨ ਦੇ 2 ਕਰੋੜ 65 ਲੱਖ ਰੁਪਏ ਸਰਕਾਰੀ ਅਧਿਕਾਰੀ ਹੜੱਪੀ ਬੈਠੇ ਹਨ ਅਤੇ ਪਿੰਡ ਖੇਮਕਰਨ ਦੀ ਵਸਨੀਕ ਜੋਤੀ ਵਿਲੀਅਮ ਦੀ ਰਹੱਸਮਈ ਹਾਲਤਾਂ ਵਿੱਚ ਹਸਪਤਾਲ ਅੰਦਰ ਹੋ ਗਈ ਸੀ, ਜਿਸ ਦਾ ਪੀੜਤ ਪਰਿਵਾਰ ਨੂੰ ਨਹੀ ਅੱਜ ਤੱਕ ਇਨਸਾਫ ਨਹੀਂ ਮਿਲਿਆ। ਰੋਸ ਧਰਨੇ ਅੰਦਰ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ 30 ਨਵੰਬਰ ਤੱਕ ਭਾਈਚਾਰੇ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਐੱਸਡੀਐੱਮ ਦਫ਼ਤਰ ਪੱਟੀ ਅੱਗੇ ਪਹਿਲੀ ਦਸੰਬਰ ਤੋਂ ਪੱਕਾ ਮੋਰਚਾ ਲਗਾਏਗਾ ਅਤੇ ਪੂਰੇ ਪੰਜਾਬ ਅੰਦਰ ਧਰਨੇ ਦੇਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ। ਤਹਿਸੀਲਦਾਰ ਪੱਟੀ ਨੂੰ ਭਾਈਚਾਰੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਅਤੇ ਤਹਿਸੀਲਦਾਰ ਪੱਟੀ ਸਰਬਜੀਤ ਸਿੰਘ ਥਿੰਦ ਵੱਲੋਂ ਮੰਗਾਂ ਹੱਲ ਕਰਨ ਦਾ ਵਿਸ਼ਵਾਸ ਦਿਵਾਉਣ ’ਤੇ ਰੋਸ ਧਰਨਾ ਖਤਮ ਕੀਤਾ ਗਿਆ।