ਜਸਵੰਤ ਜੱਸ
ਫ਼ਰੀਦਕੋਟ, 23 ਅਪਰੈਲ
ਵਿਵਾਦਾਂ ਵਿੱਚ ਰਹਿਣ ਵਾਲੀ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਅੱਜ ਆਈਜੀ ਪ੍ਰਦੀਪ ਯਾਦਵ ਦੀ ਅਗਵਾਈ ਹੇਠ ਉੱਚ ਪੱਧਰੀ ਟੀਮ ਵੱਲੋਂ ਛਾਪਾ ਮਾਰਿਆ ਗਿਆ।
200 ਦੇ ਕਰੀਬ ਪੁਲੀਸ ਮੁਲਾਜ਼ਮਾਂ ਨਾਲ ਜੇਲ੍ਹ ਵਿੱਚ ਛਾਪਾ ਮਾਰਨ ਪੁੱਜੇ ਆਈਜੀ, ਐੱਸਐੱਸਪੀ ਅਤੇ ਹੋਰ ਅਧਿਕਾਰੀਆਂ ਨੇ ਜੇਲ੍ਹ ਦੀ ਹਰ ਬੈਰਕ ਦੀ ਤਲਾਸ਼ੀ ਲਈ। 2,185 ਕੈਦੀਆਂ ਦੀ ਸਮਰੱਥਾ ਵਾਲੀ ਜੇਲ੍ਹ ’ਚੋਂ ਤਿੰਨ ਘੰਟੇ ਦੀ ਤਲਾਸ਼ੀ ਦੌਰਾਨ ਪੁਲੀਸ ਟੀਮ ਨੂੰ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਗੈਰ-ਕਾਨੂੰਨੀ ਤਰੀਕੇ ਨਾਲ ਰੱਖੇ ਛੇ ਮੋਬਾਈਲ ਫੋਨ ਬਰਾਮਦ ਹੋਏ।
ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਮਾਡਰਨ ਜੇਲ੍ਹ ਨਸ਼ਾ ਤਸਕਰੀ ਕਰਕੇ ਚਰਚਾ ਵਿੱਚ ਰਹੀ ਹੈ।
ਪਿਛਲੇ 12 ਮਹੀਨਿਆਂ ਦੌਰਾਨ ਜੇਲ੍ਹ ’ਚੋਂ 34 ਕੈਦੀਆਂ ਤੇ ਹਵਾਲਾਤੀਆਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਨ੍ਹਾਂ ਘਟਨਾਵਾਂ ਸਬੰਧੀ ਬਕਾਇਦਾ ਤੌਰ ’ਤੇ ਕੇਸ ਦਰਜ ਹੋਏ ਹਨ ਪਰ ਜ਼ਿਲ੍ਹਾ ਪੁਲੀਸ ਹਾਲੇ ਤੱਕ ਇੱਕ ਵੀ ਕੇਸ ਵਿੱਚ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਜੇਲ੍ਹ ਅੰਦਰ ਨਸ਼ੇ ਕਿਵੇਂ ਪਹੁੰਚਦੇ ਹਨ। ਹਾਲਾਂਕਿ ਕੁਝ ਸਮਾਂ ਪਹਿਲਾਂ ਜੇਲ੍ਹ ਦਾ ਇੱਕ ਅਧਿਕਾਰੀ ਗੈਂਗਸਟਰਾਂ ਨੂੰ ਨਸ਼ਾ ਪਹੁੰਚਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜੇਲ੍ਹ ਵਿਭਾਗ ਨੇ ਉਸ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਸੀ।
ਜੇਲ੍ਹ ’ਚੋਂ ਪੇਸ਼ੀ ਲਈ ਜਾਣ ਵਾਲੇ ਕੈਦੀਆਂ ਦੇ ਹੋਣ ਡੋਪ ਟੈਸਟ: ਬਾਰ ਐਸੋਸੀਏਸ਼ਨ
ਬਾਰ ਐਸੋਸੀਏਸ਼ਨ ਦੇ ਮੈਂਬਰ ਗੁਰਤਾਜ ਸੰਧੂ ਅਤੇ ਰਮਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਜੇਲ੍ਹ ਵਿੱਚ ਨਜ਼ਰਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਪਾਬੰਦੀਆਂ ਦੇ ਬਾਵਜੂਦ ਨਸ਼ੀਲੇ ਪਦਾਰਥ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸਬੂਤ ਵਜੋਂ ਉਨ੍ਹਾਂ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਨੂੰ ਰੋਜ਼ਾਨਾ ਜੇਲ੍ਹ ’ਚੋਂ ਲਿਆ ਕਿ ਸਿੱਧਾ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਜੇਲ੍ਹ ਵਿੱਚ ਕੈਦੀਆਂ ਤੇ ਹਵਾਲਾਤੀਆਂ ਤੱਕ ਨਸ਼ਾ ਪਹੁੰਚਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ ਪਰ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ।