ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਪਰੈਲ
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਨੇ ਅੱਜ ਸੂਬੇ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਅਹਿਦ ਲੈਂਦਿਆਂ ਪਾਰਟੀ ਦੇ ਹਰ ਆਗੂ ਅਤੇ ਵਰਕਰ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਆਖੀ ਹੈ। ਹਾਈ ਕਮਾਨ ਤਰਫ਼ੋਂ ਪੰਜਾਬ ’ਚ ਬਣਾਈ ਗਈ ਨਵੀਂ ਟੀਮ ਨੇ ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ।
ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੇ ਜਾਣ ’ਤੇ ਰਾਜਾ ਵੜਿੰਗ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਚੇਤੇ ਰਹੇ ਕਿ ਪੰਜਾਬ ਕਾਂਗਰਸ ਦੀ ਆਪਸੀ ਧੜੇਬੰਦੀ ਹੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਵੱਡੀ ਹਾਰ ਦਾ ਮੁੱਖ ਕਾਰਨ ਬਣੀ ਸੀ। ਰਾਜਾ ਵੜਿੰਗ ਲਈ ਧੜੇਬੰਦੀ ਖ਼ਤਮ ਕਰਨਾ ਵੱਡੀ ਚੁਣੌਤੀ ਹੋਵੇਗੀ। ਸਭਾ ਚੋਣਾਂ 2024 ਉਨ੍ਹਾਂ ਲਈ ਪ੍ਰੀਖਿਆ ਹੋਣਗੀਆਂ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਲੜਨਗੇ। ਨਵੇਂ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸਮੁੱਚੀ ਇਕਾਈ ਇੱਕ ਟੀਮ ਦੀ ਤਰ੍ਹਾਂ ਕੰਮ ਕਰੇਗੀ। ਵਿਰੋਧੀਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਤਨਦੇਹੀ ਨਾਲ ਡਿਊਟੀ ਨਿਭਾਉਣਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਟਵੀਟ ਕਰ ਕੇ ਨਵੀਂ ਟੀਮ ਨੂੰ ਪੂਰਨ ਹਮਾਇਤ ਤੇ ਸਹਿਯੋਗ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਨੇ ਵੀ ਨਵੇਂ ਆਗੂਆਂ ਨੂੰ ਵਧਾਈ ਦਿੱਤੀ ਹੈ।
ਮਾਝਾ ਬ੍ਰਿਗੇਡ ਨੂੰ ਲੱਗਾ ਝਟਕਾ
ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧੀ ਧਿਰ ਦਾ ਨੇਤਾ ਬਣਨ ਨਾਲ ਮਾਝਾ ਬ੍ਰਿਗੇਡ ਨੂੰ ਝਟਕਾ ਲੱਗਾ ਹੈ। ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਤਾਪ ਬਾਜਵਾ ਨਾਲ ਲੰਮੇ ਸਮੇਂ ਤੋਂ ਸਿਆਸੀ ਅਣਬਣ ਹੈ। ਇਹੋ ਮਾਝਾ ਬ੍ਰਿਗੇਡ ਸੀ, ਜਿਸ ਨੇ ਪ੍ਰਤਾਪ ਬਾਜਵਾ ਨੂੰ ਉਤਾਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਮਾਨ ਦਿਵਾਈ ਸੀ। ਇਹ ਮਾਝਾ ਬ੍ਰਿਗੇਡ ਅਮਰਿੰਦਰ ਸਿੰਘ ਖ਼ਿਲਾਫ਼ ਡਟੀ ਸੀ ਤਾਂ ਉਦੋਂ ਪ੍ਰਤਾਪ ਬਾਜਵਾ ਵੀ ਅਮਰਿੰਦਰ ਦੇ ਸਮਰਥਨ ਵਿਚ ਖੜ੍ਹ ਗਏ ਸਨ।
ਨਵਜੋਤ ਸਿੱਧੂ ਸਟਾਰ ਤੋਂ ਵਰਕਰ ਬਣੇ
ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਮਗਰੋਂ ਹੁਣ ਨਵਜੋਤ ਸਿੱਧੂ ਮਹਿਜ਼ ਇੱਕ ਕਾਂਗਰਸੀ ਵਰਕਰ ਵਜੋਂ ਵਿਚਰਨਗੇ। ਬਤੌਰ ਪ੍ਰਧਾਨ ਉਹ ਪੰਜਾਬ ਚੋਣਾਂ ਵਿਚ ਕਾਂਗਰਸ ਦੀ ਬੇੜੀ ਪਾਰ ਲਾਉਣ ਵਿਚ ਨਾਕਾਮ ਰਹੇ ਅਤੇ ਖ਼ੁਦ ਵੀ ਚੋਣ ਹਾਰ ਗਏ। ਹਾਈ ਕਮਾਨ ਨੇ ਨਵਜੋਤ ਸਿੱਧੂ ਨੂੰ ਜੁਲਾਈ 2021 ਵਿਚ ਪਾਰਟੀ ਪ੍ਰਧਾਨ ਬਣਾਇਆ ਸੀ ਪਰ ਸਿੱਧੂ ਨੇ ਕੁਝ ਸਮੇਂ ਮਗਰੋਂ ਹੀ ਅਸਤੀਫ਼ਾ ਦੇ ਦਿੱਤਾ ਸੀ।
ਸਾਬਕਾ ਵਿਧਾਇਕ ਧੀਮਾਨ ਨੂੰ ਪਾਰਟੀ ’ਚੋਂ ਕੱਢਿਆ
ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਅਨੁਸ਼ਾਸਨ ਕਾਇਮ ਰੱਖਣ ਲਈ ਅੱਜ ਪਾਰਟੀ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰਦਿਆਂ ਪਾਰਟੀ ’ਚੋਂ ਕੱਢ ਦਿੱਤਾ ਹੈ। ਧੀਮਾਨ ਨੇ ਵੜਿੰਗ ਨੂੰ ਮੌਕਾਪ੍ਰਸਤ ਦੱਸਿਆ ਸੀ ਅਤੇ ਬਾਦਲਾਂ ਅੱਗੇ ਝੁਕਣ ਦੇ ਦੋਸ਼ ਲਾਏ ਸਨ। ਉਨ੍ਹਾਂ ਕਾਂਗਰਸ ਬਚਾਉਣ ਲਈ ਨਵਜੋਤ ਸਿੱਧੂ ਨੂੰ ਕਮਾਨ ਦੇਣ ਦੀ ਗੱਲ ਆਖੀ ਸੀ। ਇਸੇ ਦੌਰਾਨ ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਸੁਰਿੰਦਰ ਡੱਲਾ ਨੇ ਵੀ ਕਿਹਾ ਕਿ ਪ੍ਰਧਾਨਗੀ ਦੀ ਚੋਣ ਵੋਟਾਂ ਜ਼ਰੀਏ ਹੋਣੀ ਚਾਹੀਦੀ ਹੈ।