ਗਗਨਦੀਪ ਅਰੋੜਾ
ਲੁਧਿਆਣਾ, 4 ਮਈ
ਦੇਸ਼ ਨੂੰ ਆਜ਼ਾਦ ਕਰਵਾਉਣ ’ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਦੇ ਸੁੰਦਰੀਕਰਨ ਦੇ ਨਾਲ-ਨਾਲ ਰਸਤਾ ਸਿੱਧਾ ਕਰਨ ਸਮੇਤ ਹੋਰ ਮੰਗਾਂ ਸਬੰਧੀ ਵਾਰਸਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਤੇ ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਅਸ਼ੋਕ ਥਾਪਰ ਦੀ ਅਗਵਾਈ ਹੇਠ ਅੱਜ ਇਹ ਭੁੱਖ ਹੜਤਾਲ ਸ਼ੁਰੂ ਹੋਈ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ।
ਸਾਰਿਆਂ ਨੇ ਇੱਕਜੁੱਟ ਹੋ ਕੇ ਐਲਾਨ ਕੀਤਾ ਕਿ ਜਦੋਂ ਤੱਕ ਨਿਗਮ ਅਫ਼ਸਰ ਸੁੰਦਰੀਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਨਹੀਂ ਕਰਨਗੇ, ਉਹ ਭੁੱਖ ਹੜਤਾਲ ਜਾਰੀ ਰੱਖਣਗੇ। ਇਸ ਭੁੱਖ ਹੜਤਾਲ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ। ਭੁੱਖ ਹੜਤਾਲ ’ਤੇ ਬੈਠੇ ਅਸ਼ੋਕ ਥਾਪਰ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਦੇ ਸੁੰਦਰੀਕਰਨ ਦੀ ਮੰਗ ਸਬੰਧੀ ਲੜਾਈ ਲੰਮੇ ਸਮੇਂ ਤੋਂ ਜਾਰੀ ਹੈ। ਉਨ੍ਹਾਂ ਦੱਸਿਆ ਕਿ 15 ਮਈ ਨੂੰ ਉਨ੍ਹਾਂ ਦਾ ਜਨਮ ਦਿਨ ਹੈ ਤੇ ਨਿਗਮ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪਹਿਲੀ ਮਈ ਤੱਕ ਸਾਰੇ ਕੰਮ ਪੂਰੇ ਕਰ ਦਿੱਤੇ ਜਾਣਗੇ। ਇਸ ਸਬੰਧੀ ਚੌੜਾ ਬਾਜ਼ਾਰ ਵੱਲੋਂ ਜਨਮ ਸਥਾਨ ਨੂੰ ਸਿੱਧਾ ਰਾਹ ਦੇਣ ਲਈ 40 ਵਰਗ ਗਜ਼ ਜ਼ਮੀਨ ਵੀ ਐਕੁਆਇਰ ਕਰਨੀ ਹੈ, ਪਰ ਇਹ ਮਾਮਲਾ ਵੀ ਹਾਲੇ ਅੱਧ ਵਿਚਕਾਰ ਲਟਕ ਰਿਹਾ ਹੈ। ਇਸ ਸਬੰਧੀ ਕਈ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ, ਪਰ ਕੋਈ ਹੱਲ ਨਹੀਂ ਹੋਇਆ। ਇਸ ਲਈ ਮਜਬੂਰਨ ਉਨ੍ਹਾਂ ਨੂੰ ਭੁੱਖ ਹੜਤਾਲ ’ਤੇ ਬੈਠਣਾ ਪਿਆ ਹੈ। ਪਹਿਲੇ ਦਿਨ ਅੱਜ ਭੁੱਖ ਹੜਤਾਲ ’ਤੇ ਅਸ਼ੋਕ ਥਾਪਰ, ਪਾਲੀ ਸਹਿਜਪਾਲ, ਅਸ਼ੀਸ਼ ਬੋਨੀ, ਚੇਤਨ ਬਵੇਜਾ ਤੇ ਰਮੇਸ਼ ਕੁਮਾਰਾ ਕਾਲਾ ਬੈਠੇ।