ਜਗਮੋਹਨ ਸਿੰਘ
ਰੂਪਨਗਰ, 7 ਮਈ
ਜ਼ਿਲ੍ਹਾ ਰੂਪਨਗਰ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਸੋਮਵਾਰ ਤੋਂ ਆਯੂਸ਼ਮਾਨ ਯੋਜਨਾ ਅਧੀਨ ਮਰੀਜ਼ਾਂ ਦਾ ਇਲਾਜ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਇਕਾਈ ਦੇ ਪ੍ਰਧਾਨ ਡਾ. ਅਜੈ ਜਿੰਦਲ ਅਤੇ ਸਕੱਤਰ ਡਾ. ਭਾਨੂੰ ਪ੍ਰਤਾਪ ਸਿੰਘ ਪਰਮਾਰ ਨੇ ਦੱਸਿਆ ਕਿ ਪੰਜਾਬ ਭਰ ਵਿੱਚ 700 ਹਸਪਤਾਲ ਆਯੂਸ਼ਮਾਨ ਯੋਜਨਾ ਅਧੀਨ ਕੰਮ ਕਰ ਰਹੇ ਹਨ ਤੇ ਤਿੰਨ ਸਾਲਾਂ ਤੋਂ ਸਾਰਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਐੱਸ.ਬੀ.ਆਈ. ਜਨਰਲ ਇੰਸੋਰੈਸ਼ ਦੇ ਸਕੀਮ ਵਿੱਚ ਸ਼ਾਮਲ ਹੋਣ ਉਪਰੰਤ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਾਪਤ ਹੋਣ ਵਾਲੀਆਂ ਅਦਾਇਗੀਆਂ ਦਾ ਸਾਰਾ ਸਿਸਟਮ ਕਥਿਤ ਤੌਰ ’ਤੇ ਡਾਵਾਂਡੋਲ ਹੋ ਗਿਆ ਹੈ ਤੇ ਸਿਹਤ ਮੰਤਰੀ, ਸਿਹਤ ਸਕੱਤਰ ਤੋਂ ਇਲਾਵਾ ਐੱਸ.ਐੱਚ.ਏ. ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਉਪਰੰਤ ਵੀ ਕੋਈ ਸਿੱਟਾ ਨਾ ਨਿਕਲਣ ਕਰਕੇ ਉਨ੍ਹਾਂ ਦੀ ਜਥੇਬੰਦੀ ਨੂੰ ਸਖਤ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਸਕੀਮ ਵਿੱਚ ਸੂਚੀਬੱਧ ਹਸਪਤਾਲਾਂ ਨੂੰ ਜਦੋਂ ਤੱਕ ਉਨ੍ਹਾਂ ਦੀ ਬਕਾਇਆ ਰਹਿੰਦੀ ਰਕਮ ਵਿੱਚੋਂ 80 ਪ੍ਰਤੀਸ਼ਤ ਰਕਮ ਨਹੀਂ ਮਿਲ ਜਾਂਦੀ, ਉਦੋਂ ਤੱਕ ਪ੍ਰਾਈੇਵੇਟ ਹਸਪਤਾਲਾਂ ਵੱਲੋਂ ਆਯੂਸ਼ਮਾਨ ਯੋਜਨਾ ਅਧੀਨ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਐਮਰਜੈਂਸੀ ਸੇਵਾਵਾਂ, ਨਵਜੰਮੇ ਬੱਚੇ ਦਾ ਇਲਾਜ, ਦਿਲ, ਕੈਂਸਰ ਜਾਂ ਹੋਰ ਬਿਮਾਰੀਆਂ ਦਾ ਇਲਾਜ ਨਾ ਹੋਣ ਕਾਰਨ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ।