ਨਵੀਂ ਦਿੱਲੀ, 16 ਮਈ
ਦਿੱਲੀ ਪੁਲੀਸ ਨੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਦੋਸ਼ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦਿੱਲੀ ਪੁਲੀਸ ਦੀ ਟੀਮ ਨੇ ਅੱਜ ਮਾਲੀਵਾਲ ਦੀ ਰਿਹਾਇਸ਼ ’ਤੇ ਜਾ ਕੇ ਬਿਆਨ ਦਰਜ ਕੀਤੇ। ਏਸੀਪੀ ਪੀ.ਐੱਸ.ਕੁਸ਼ਵਾਹਾ ਤੇ ਮਹਿਲਾ ਪੁਲੀਸ ਅਧਿਕਾਰੀ ਦੀ ਟੀਮ ਚਾਰ ਘੰਟੇ ਦੇ ਕਰੀਬ ਉਥੇ ਰੁਕੀ। ਉਧਰ ਮਾਲੀਵਾਲ ਨੇ ਵੀ ਚੁੱਪੀ ਤੋੜਦਿਆਂ ਭਾਜਪਾ ਨੂੰ ਇਸ ਮਾਮਲੇ ਵਿਚ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਮਾਲੀਵਾਲ ’ਤੇ ਹਮਲੇ ਨਾਲ ਸਬੰਧਤ ਖ਼ਬਰ ਦਾ ਨੋਟਿਸ ਲੈਂਦਿਆਂ ਕੇਜਰੀਵਾਲ ਦੇ ਨਿੱਜੀ ਸਕੱਤਰ (ਪੀਐੱਸ) ਵਿਭਵ ਕੁਮਾਰ ਨੂੰ ਤਲਬ ਕੀਤਾ ਹੈ। ਕੁਮਾਰ ਨੂੰ ਸ਼ੁੱਕਰਵਾਰ ਸਵੇਰੇ 11 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਲੀਵਾਲ ਨੇ ਮਗਰੋਂ ਐੱਕਸ ’ਤੇ ਕਿਹਾ, ‘‘ਮੇਰੇ ਨਾਲ ਜੋ ਕੁਝ ਹੋਇਆ, ਬਹੁਤ ਬੁਰਾ ਸੀ। ਮੈਂ ਆਪਣਾ ਬਿਆਨ ਪੁਲੀਸ ਨੂੰ ਦੇ ਦਿੱਤਾ ਹੈ। ਉਮੀਦ ਕਰਦੀ ਹਾਂ ਕਿ ਢੁੱਕਵੀਂ ਕਾਰਵਾਈ ਹੋਵੇਗੀ। ਪਿਛਲੇ ਕੁਝ ਦਿਨ ਬਹੁਤ ਮੁਸ਼ਕਲ ਸਨ। ਮੈਂ ਪ੍ਰਾਰਥਨਾ ਕਰਨ ਵਾਲਿਆਂ ਦਾ ਧੰਨਵਾਦ ਕਰਦੀ ਹਾਂ। ਜਿਹੜੇ ਮੇਰੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਵਿਚ ਸ਼ਾਮਲ ਸਨ, ਨੇ ਕਿਹਾ ਕਿ ਮੈਂ ਇਹ ਸਭ ਦੂਜੀ ਪਾਰਟੀ ਦੇ ਕਹਿਣ ’ਤੇ ਕਰ ਰਹੀ ਹਾਂ, ਰੱਬ ਉਨ੍ਹਾਂ ਦਾ ਵੀ ਭਲਾ ਕਰੇ।’’ ਇਸ ਦੌਰਾਨ ਕਾਂਗਰਸ ਦੀ ਤਰਜਮਾਨ ਰਾਗਿਨੀ ਨਾਇਕ ਨੇ ਕਿਹਾ ਕਿ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਵਿਚ ਸ਼ਾਮਲ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਨਾਇਕ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਂਗਰਸ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਮਾਲੀਵਾਲ ਨੂੰ ਆਪਣੇ ਕਾਨੂੰਨੀ ਹੱਕਾਂ ਦੀ ਸਮਝ ਹੈ ਕਿਉਂ ਜੋ ਉਹ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹਿ ਚੁੱਕੀ ਹੈ। ਚੇਤੇ ਰਹੇ ਕਿ ਮਾਲੀਵਾਲ ਨੇ ਸੋਮਵਾਰ ਨੂੰ ਸਿਵਲ ਲਾਈਨਜ਼ ਪੁਲੀਸ ਥਾਣੇ ਵਿਚ ਜਾ ਕੇ ਸ਼ਿਕਾਇਤ ਦਰਜ ਕੀਤੀ ਸੀ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਕੇਜਰੀਵਾਲ ਦੇ ਨਿੱਜੀ ਸਟਾਫ਼ ਨੇ ਉਸ ’ਤੇ ਹਮਲਾ ਕੀਤਾ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਮਾਲੀਵਾਲ ’ਤੇ ਹਮਲੇ ਦੀ ‘ਸਖ਼ਤ ਸ਼ਬਦਾਂ ’ਚ ਨਿਖੇਧੀ’ ਕੀਤੀ ਸੀ। -ਪੀਟੀਆਈ
ਜਦੋਂ ਕੇਜਰੀਵਾਲ ਨੇ ਚੁੱਪ ਵੱਟੀ
ਲਖਨਊ: ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸਵਾਤੀ ਮਾਲੀਵਾਲ ’ਤੇ ‘ਹਮਲੇ’ ਨਾਲ ਜੁੜੇ ਮੁੱਦੇ ’ਤੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਧਰ ਯਾਦਵ ਨੇ ਕੇਜਰੀਵਾਲ ਤੋਂ ਮਾਈਕ ਫੜ ਕੇ ਮਾਲੀਵਾਲ ਨਾਲ ਜੁੜੇ ਸਵਾਲ ਨੂੰ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਕੋਲ ਵਿਚਾਰ ਚਰਚਾ ਲਈ ‘ਇਸ ਤੋਂ ਵੀ ਅਹਿਮ ਚੀਜ਼ਾਂ’ ਹਨ। ਪ੍ਰੈੱਸ ਕਾਨਫਰੰਸ ਵਿਚ ਮੌਜੂਦ ‘ਆਪ’ ਆਗੂ ਸੰਜੈ ਸਿੰਘ ਨੇ ਕਿਹਾ ਕਿ ਇਸ ਮੁੱਦੇ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ।
‘ਗੁੰਡੇ’ ਵਾਂਗ ਸਲੂਕ ਕਰ ਰਹੇ ਹਨ ਕੇਜਰੀਵਾਲ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਸਵਾਤੀ ਮਾਲੀਵਾਲ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦਿਆਂ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ‘ਗੁੰਡੇ’ ਵਾਂਗ ਸਲੂਕ ਕਰ ਰਹੇ ਹਨ। ਕੇਜਰੀਵਾਲ ਵੱਲੋਂ ਅੱਜ ਲਖਨਊ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮਾਲੀਵਾਲ ਮਾਮਲੇ ’ਚ ਸਵਾਲ ਤੋਂ ਟਲਣ ਦੀ ਕੀਤੀ ਕੋਸ਼ਿਸ਼ ਦੇ ਹਵਾਲੇ ਨਾਲ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਮੰਗ ਕੀਤੀ ਕਿ ਕੇਜਰੀਵਾਲ ਨੂੰ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਫੌਰੀ ਅਸਤੀਫ਼ਾ ਦੇਣਾ ਚਾਹੀਦਾ ਹੈ। ਭਾਜਪਾ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਵੱਲੋਂ ਮਾਲੀਵਾਲ ’ਤੇ ਕੀਤੇ ਕਥਿਤ ਸਰੀਰਕ ਹਮਲੇ ਵਿਚ ਕੇਜਰੀਵਾਲ ਮੁੱਖ ‘ਅਪਰਾਧੀ’ ਹਨ। ਭਾਟੀਆ ਨੇ ਪੱਤਰਕਾਰਾਂ ਨੂੰ ਕਿਹਾ, ‘‘ਉਨ੍ਹਾਂ (ਕੇਜਰੀਵਾਲ) ਦੀ ਚੁੱਪ ਬਹੁਤ ਕੁਝ ਬੋਲਦੀ ਹੈ। ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਉਹ ਮੁੱਖ ਮੰਤਰੀ ਘੱਟ ਤੇ ‘ਗੁੰਡੇ’ ਵੱਧ ਹਨ।’’ -ਪੀਟੀਆਈ