ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 9 ਅਪ੍ਰੈਲ
ਨਜ਼ਦੀਕੀ ਪਿੰਡ ਗਹਿਰੀ ਮੰਡੀ ਦੇ ਹਨੀ ਪੁੱਤਰ ਦੀਪਕ ਕੁਮਾਰ ਨੂੰ ਦੇ ਕਥਿਤ ਕਾਤਲਾਂ ਦੇ ਹਾਲੇ ਤੱਕ ਨਾ ਫੜੇ ਜਾਣ ਕਾਰਨ ਵਾਰਸਾਂ ਵੱਲੋਂ ਸ਼ੁੱਕਰਵਾਰ ਨੂੰ ਇੱਥੇ ਜੀਟੀ ਰੋਡ ਜਾਮ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਲੰਘੀ 23 ਮਾਰਚ ਨੂੰ ਕਥਿਤ ਤੌਰ ’ਤੇ ਪਲਵਿੰਦਰ ਸਿੰਘ ਉਰਫ਼ ਘੁੱਦਾ ਰਣਜੀਤ ਸਿੰਘ ਉਰਫ ਰਾਣਾ ਦੋਵੇਂ ਵਾਸੀ ਪਿੰਡ ਗਹਿਰੀ ਮੰਡੀ ਅਤੇ ਸੰਨੀ ਉਰਫ਼ ਡੱਡੀ ਵਾਸੀ ਪਿੰਡ ਭੰਗਵਾਂ ਅਤੇ ਇਕ ਹੋਰ ਅਣਪਛਾਤੇ ਨੇ ਹਨੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ ਕੁਝ ਦਿਨ ਹਸਪਤਾਲ ਜ਼ੇਰੇ ਇਲਾਜ ਰਹਿਣ ਤੋਂ ਬਾਅਦ ਮੌਤ ਹੋ ਗਈ ਸੀ। ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਦੇ ਹੱਥ ਕਾਤਲ ਨਾ ਆਉਣ ‘ਤੇ ਅੱਜ ਹਨੀ ਦੇ ਵਾਰਸਾਂ ਨੇ ਬਾਅਦ ਦੁਪਹਿਰ ਜੰਡਿਆਲਾ ਗੁਰੂ ਜੀਟੀ ਰੋਡ ਦੇਵੀਦਾਸਪੁਰਾ ਚੌਕ ਵਿਖੇ ਜਾਮ ਲਗਾ ਦਿੱਤਾ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਨੀ ਦੇ ਵਾਰਸਾਂ ਨੇ ਪੁਲੀਸ ਉੱਤੇ ਕਥਿਤ ਦੋਸ਼ ਲਗਾਉਂਦਿਆਂ ਹੋਇਆਂ ਕਿਹਾ ਪਹਿਲਾਂ ਵੀ ਮੁਲਜ਼ਮ ਹਨੀ ਨੂੰ ਧਮਕੀਆਂ ਦਿੰਦੇ ਸੀ, ਪਰ ਉਸ ਦੀ ਮੌਤ ਮਗਰੋਂ ਪੁਲੀਸ ਮੁਲਜ਼ਮਾਂ ਨੂੰ ਨਹੀਂ ਫੜ ਸਕੀ। ਮ੍ਰਿਤਕ ਦੇ ਮਾਮਾ ਸੰਜੀਵ ਕੁਮਾਰ ਤੇ ਚਾਚਾ ਰਜਿੰਦਰ ਕੁਮਾਰ ਨੇ ਕਥਿਤ ਦੋਸ਼ ਲਾਇਆ ਮੁਲਜ਼ਮ ਨਸ਼ਾ ਤਸਕਰ ਹਨ ਅਤੇ ਗਹਿਰੀ ਮੰਡੀ ਦੇ ਸਰਪੰਚ ਕੁਲਦੀਪ ਸਿੰਘ, ਕਾਂਗਰਸੀ ਨੇਤਾ ਰਾਕੇਸ਼ ਖੱਤਰੀ ਅਤੇ ਪੰਨਾ ਲਾਲ ਉਨ੍ਹਾਂ ਦੀ ਕਥਿਤ ਮਦਦ ਕਰ ਰਹੇ ਹਨ। ਇਸੇ ਦੌਰਾਨ ਜਾਮ ਕਾਰਨ ਜੀਟੀ ਰੋਡ ਦੇ ਦੋਵੇਂ ਪਾਸੇ ਕਰੀਬ ਦੋ ਢਾਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਡੀਐੱਸਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ ਦੋ ਦਿਨ ਵਿੱਚ ਮੁਲਜ਼ਮਾਂ ਦੇ ਦੇ ਫੜੇ ਜਾਣ ਦਾ ਭਰੋਸਾ ਦੇ ਕੇ ਸ਼ਾਮ ਨੂੰ ਜਾਮ ਖੁੱਲ੍ਹਵਾਇਆ।