ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 30 ਮਾਰਚ
ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢੇ ਗਏ ਮਹੱਲੇ ਮਗਰੋਂ ਸਿੱਖਾਂ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਇਤਿਹਾਸਕ ਚਰਨਗੰਗਾ ਸਟੇਡੀਅਮ ਵਿੱਚ ਵਿਖਾਏ ਗਏ ਜੰਗਜੂ ਕਰਤੱਬਾਂ ਤੇ ‘ਬੋਲੇ ਸੋ ਨਿਹਾਲ ਦੇ ਜੈਕਾਰਿਆਂ’ ਦੀ ਗੂੰਜ ਹੇਠ ਸਮਾਪਤ ਹੋ ਗਿਆ।
ਇਸ ਮੌਕੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਪੰਜਾਬ ਸਰਕਾਰ ਵੱਲੋਂ ਚਾਰ ਸਾਲਾਂ ’ਚ ਵੀ ਚਰਨਗੰਗਾ ਸਟੇਡੀਅਮ ਦਾ ਕੰਮ ਮੁਕੰਮਲ ਨਾ ਕਰ ਸਕਣ ਕਰਕੇ ਖ਼ਫ਼ਾ ਨਜ਼ਰ ਆਈਆਂ। ਇਸ ਬਾਬਤ ਬਾਬਾ ਬਲਵੀਰ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇ ਸਰਕਾਰ ਸਟੇਡੀਅਮ ਦਾ ਕੰਮ ਮੁਕੰਮਲ ਕਰਵਾਏਗੀ ਤਾਂ ਹੀ ਮੁੜ ਸੱਤਾ ’ਚ ਵਾਪਸੀ ਕਰ ਸਕੇਗੀ। ਮਹੱਲੇ ਮੌਕੇ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿੱਥੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਬੁੱਢਾ ਦਲ, ਤਰਨਾ ਦਲ, ਹਰੀਆਂ ਵੇਲਾਂ, ਸੁਰ ਸਿੰਘ ਬਿਧੀ ਚੰਦੀਏ, ਤਰਨਾ ਦਲ ਆਦਿ ਦੀਆਂ ਨਿਹੰਗ ਸਿੰਘ ਫੌਜਾਂ ਨੇ ਘੋੜਿਆਂ ’ਤੇ ਸਵਾਰ ਹੋ ਕੇ ਮਹੱਲਾ ਕੱਢਿਆ। ਸਟੇਡੀਅਮ ਵਿੱਚ ਨਿਹੰਗ ਸਿੰਘਾਂ ਨੇ ਜੌਹਰ ਦਿਖਾਏ, ਜਿਨ੍ਹਾਂ ਨੂੰ ਦੇਖ ਕੇ ਸੰਗਤ ਨੇ ਜੋਸ਼ ਵਿੱਚ ਜੈਕਾਰੇ ਲਗਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦਸਮ ਪਾਤਸ਼ਾਹ ਵੱਲੋਂ ਸ਼ੁਰੂ ਕੀਤੀ ਇਸ ਜੰਗੀ ਖੇਡ ਨੂੰ ਪ੍ਰਫੁੱਲਿਤ ਕਰਨ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਪਿਛਲੇ ਸਾਲਾਂ ਵਾਂਗ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਨੌਜਵਾਨ ਪੀੜ੍ਹੀ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਇਸ ਵਿਰਾਸਤੀ ਖੇਡ ਨੂੰ ਅਪਣਾਏ। ਉਨ੍ਹਾਂ ਕਿਹਾ ਕਿ ਗੱਤਕਾ ਸਭ ਤੋਂ ਚੰਗੀ ਕਸਰਤ ਹੈ, ਜੋ ਮਨੁੱਖੀ ਸਰੀਰ ਨੂੰ ਨਵਾਂ ਨਰੋਆ ਤੇ ਤਾਜ਼ਾ ਰੱਖਣ ’ਚ ਸਹਾਈ ਹੁੰਦੀ ਹੈ। ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਜਥੇਦਾਰ ਨਾਗਰ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਗੱਜਣ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਮੇਜਰ ਸਿੰਘ, ਦਸਮੇਸ਼ ਤਰਨਾ ਦਲ ਬਲਦੇਵ ਸਿੰਘ ਵੱਲਾਂ, ਰਣਜੀਤ ਸਿੰਘ ਰਣੀਆਂ, ਬਾਬਾ ਲਾਲ ਸਿੰਘ, ਬਾਬਾ ਤਰਸੇਮ ਸਿੰਘ, ਬਾਬਾ ਤਰਲੋਕ ਸਿੰਘ, ਬਾਬਾ ਵੱਸਣ ਸਿੰਘ, ਬਾਬਾ ਜੱਸਾ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ ਮੋਰਾਂਵਾਲੀ ਹਾਜ਼ਰ ਸਨ।
ਸਰਕਾਰ ਜ਼ੈੱਡ ਪਲੱਸ ਸੁਰੱਖਿਆ ਬਹਾਲ ਕਰੇ: ਬਾਬਾ ਬਲਵੀਰ ਸਿੰਘ
ਬਾਬਾ ਬਲਵੀਰ ਸਿੰਘ ਨੇ ਕਿਹਾ ਕਿ ਜ਼ੈੱਡ ਪਲੱਸ ਸੁਰੱਖਿਆ ਵਾਪਸ ਲੈ ਕੇ ਸਰਕਾਰ ਨੇ ਪੰਥ ਵਿਰੋਧੀ ਤਾਕਤਾਂ ਨੂੰ ਹੋਰ ਸਰਗਰਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ ਤੇ ਖ਼ੁਫ਼ੀਆ ਏਜੰਸੀਆਂ ਵੱਲੋਂ ਦਿੱਲੀ ਵਿੱਚ ਹੋਏ ਖੁਲਾਸਿਆਂ ਤੋਂ ਸਪੱਸ਼ਟ ਹੋਇਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਅਜਿਹੇ ਹਾਲਾਤ ਵਿੱਚ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਜ਼ੈੱਡ ਪਲੱਸ ਸੁਰੱਖਿਆ ਨੂੰ ਬਹਾਲ ਕਰਨਾ ਚਾਹੀਦਾ ਹੈ। ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕਿਸੇ ਵੀ ਘਟਨਾ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।