ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਜੂਨ
ਗੈਂਗਸਟਰ ਜੈਪਾਲ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਕਰਵਾਏ ਜਾਣ ਦੀ ਪਟੀਸ਼ਨ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਕਿਉਂਕਿ ਇਹ ਪੁਲੀਸ ਮੁਕਾਬਲਾ ਕੋਲਕਾਤਾ ਵਿੱਚ ਹੋਇਆ ਹੈ, ਇਸ ਕਰਕੇ ਇਹ ਪਟੀਸ਼ਨ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ। ਪਟੀਸ਼ਨ ਖਾਰਜ ਹੋਣ ਤੋਂ ਬਾਅਦ ਜੈਪਾਲ ਦਾ ਪਰਿਵਾਰ ਹੁਣ ਸੁਪਰੀਮ ਕੋਰਟ ਜਾਵੇਗਾ। ਇਸ ਗੱਲ ਦਾ ਖ਼ੁਲਾਸਾ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਕੀਤਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਜੈਪਾਲ ਦੇ ਪਿਤਾ ਨੇ ਆਖਿਆ ਕਿ ਜੈਪਾਲ ਦਾ ਪੋਸਟਮਾਰਮਟ ਹੁਣ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ ਤੇ ਉਦੋਂ ਤੱਕ ਉਹ ਫ਼ੈਸਲੇ ਦਾ ਇੰਤਜ਼ਾਰ ਕਰਨਗੇ। ਜ਼ਿਕਰਯੋਗ ਹੈ ਕਿ ਇਹ ਪਟੀਸ਼ਨ ਜੈਪਾਲ ਦੇ ਪਿਤਾ ਸੇਵਾਮੁਕਤ ਪੁਲੀਸ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਪਾਈ ਗਈ ਸੀ। ਜੈਪਾਲ ਦੇ ਪਿਤਾ ਦਾ ਕਹਿਣਾ ਸੀ ਕਿ ਜੈਪਾਲ ਨੂੰ ਪੁਲੀਸ ਮੁਕਾਬਲੇ ਤੋਂ ਪਹਿਲਾਂ ਫੜ ਕੇ ਉਸ ਉੱਪਰ ਪੁਲੀਸ ਤਸ਼ੱਦਦ ਕੀਤਾ ਗਿਆ, ਜਿਸ ਦੌਰਾਨ ਉਸ ਦੀਆਂ ਬਾਹਾਂ ਤੇ ਪਸਲੀਆਂ ਤੋੜ ਦਿੱਤੀਆਂ ਗਈਆਂ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਜੈਪਾਲ ਦੀ ਦੇਹ ਨੂੰ ਸਸਕਾਰ ਵਾਸਤੇ ਲਿਜਾਣ ਤੋਂ ਪਹਿਲਾਂ ਘਰ ਵਿੱਚ ਨਹਾਉਣ ਲੱਗੇ ਸਨ।
ਦੱਸਣਯੋਗ ਹੈ ਕਿ ਜੈਪਾਲ ਅਤੇ ਉਸ ਦਾ ਇੱਕ ਹੋਰ ਸਾਥੀ ਜਸਪ੍ਰੀਤ ਜੱਸੀ ਲੰਘੀ 9 ਜੂਨ ਨੂੰ ਕੋਲਕਾਤਾ ਵਿੱਚ ਹੋਏ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਸਨ। ਜਸਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਤਾਂ ਉਸ ਦੀ ਦੇਹ ਮਿਲਣ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਸੀ ਪਰ ਜੈਪਾਲ ਦੇ ਪਰਿਵਾਰ ਵੱਲੋਂ ਉਸ ਦਾ ਸਸਕਾਰ ਅਜੇ ਤੱਕ ਨਹੀਂ ਕੀਤਾ ਗਿਆ।