ਕੇ.ਪੀ. ਸਿੰਘ/ਸੁੱਚਾ ਸਿੰਘ ਪਸਨਾਵਾਲ
ਗੁਰਦਾਸਪੁਰ/ਧਾਰੀਵਾਲ, 3 ਨਵੰਬਰ
ਪੰਜਾਬ ਪੁਲੀਸ ਨੇ ਮੁੰਬਈ ਤੋਂ 72.5 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਲੋੜੀਂਦੇ ਤਿੰਨ ਨਸ਼ਾ ਤਸਕਰਾਂ ਨੂੰ ਗੁਰਦਾਸਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਅਤੇ ਏਟੀਐਸ ਮੁੰਬਈ ਦੀਆਂ ਟੀਮਾਂ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਟਾਈਲਾਂ ਵਾਲੇ ਕੰਟੇਨਰ ਦੇ ਦਰਵਾਜ਼ੇ ਦੇ ਬਾਰਡਰ ਵਿੱਚ ਲੁਕਾ ਕੇ ਰੱਖਿਆ ਗਿਆ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ। ਇਹ ਕੰਟੇਨਰ ਦਿੱਲੀ ਦੇ ਇੱਕ ਦਰਾਮਦਕਾਰ ਵੱਲੋਂ ਮੰਗਵਾਇਆ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਦੇ ਵਾਸੀ ਗੁਰਵਿੰਦਰ ਸਿੰਘ ਉਰਫ਼ ਮਹਿਕ (27), ਤਰਨ ਤਾਰਨ ਦੇ ਪਿੰਡ ਭਿੱਖੀਵਿੰਡ ਦੇ ਵਾਸੀ ਗੁਰਸੇਵਕ ਸਿੰਘ ਉਰਫ਼ ਸੇਵਕ (25) ਅਤੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਵਾਸੀ ਮਨਜੀਤ ਸਿੰਘ ਉਰਫ਼ ਸੋਨੀ (34) ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਤਿੰਨੋਂ ਵਿਅਕਤੀ ਪੰਜਾਬ ਵਿੱਚ ਸਰਹੱਦ ਪਾਰੋਂ ਅਤੇ ਅੰਤਰਰਾਜੀ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ। ਇਨ੍ਹਾਂ ਤਿੰਨਾਂ ਖ਼ਿਲਾਫ਼ ਧਾਰੀਵਾਲ ਪੁਲੀਸ ਸਟੇਸ਼ਨ ਅੰਦਰ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲਣ ਉਪਰੰਤ ਗੁਰਦਾਸਪੁਰ ਪੁਲੀਸ ਨੇ ਵਿਸ਼ੇਸ਼ ਮੁਹਿੰਮ ਚਲਾਈ ਅਤੇ ਗੁਰਦਾਸਪੁਰ ਦੇ ਧਾਰੀਵਾਲ ਖੇਤਰ ਵਿੱਚ ਅੰਮ੍ਰਿਤਸਰ-ਜੰਮੂ ਹਾਈਵੇਅ ’ਤੇ ਮਹਿੰਦਰਾ ਥਾਰ (ਪੀਬੀ 46 ਏਐਚ 0003) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇੱਕ ਰਿਵਾਲਵਰ ਸਣੇ 9 ਐਮਐਮ ਦੇ 6 ਕਾਰਤੂਸ ਅਤੇ .32 ਬੋਰ ਦੇ 6 ਕਾਰਤੂਸ ਵੀ ਬਰਾਮਦ ਕੀਤੇ ਗਏ।
ਐੱਸਐੱਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਇਰਾਦਾ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਵੀ ਲੋੜੀਂਦੇ ਹਨ।